ਲੁਧਿਆਣਾ ‘ਚ ਇੱਕ ਹੌਜ਼ਰੀ ਫੈਕਟਰੀ ‘ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਦਕਿ 2 ਲੋਕ ਬੁਰੀ ਤਰ੍ਹਾਂ ਸੜ ਗਏ ਹਨ। ਇਹ ਘਟਨਾ ਲੁਧਿਆਣਾ ਦੀ ਹੈ। ਇੱਥੇ ਮੰਗਲਵਾਰ ਦੁਪਹਿਰ ਨੂੰ ਇੱਕ ਫੈਕਟਰੀ ਵਿੱਚ ਦੂਜੀ ਮੰਜ਼ਿਲ ’ਤੇ ਅਚਾਨਕ ਅੱਗ ਲੱਗ ਗਈ ਸੀ। ਉਸ ਸਮੇਂ ਫੈਕਟਰੀ ਅੰਦਰ ਕਈ ਮੁਲਾਜ਼ਮ ਕੰਮ ਕਰ ਰਹੇ ਸਨ ਜਿਨ੍ਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ।
ਅੱਗ ਦੁਪਹਿਰ 2 ਵਜੇ ਦੇ ਕਰੀਬ ਲੱਗੀ ਸੀ। ਫੈਕਟਰੀ ਵਿੱਚ ਰੱਖੇ ਹੌਜ਼ਰੀ ਦੇ ਸਟਾਕ ਕਾਰਨ ਕੁੱਝ ਹੀ ਮਿੰਟਾਂ ਵਿੱਚ ਤੇਜ਼ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ। ਫੈਕਟਰੀ ਵਿੱਚੋਂ ਧੂੰਆਂ ਉੱਠਦਾ ਦੇਖ ਆਸਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਪਰ ਅੱਗ ਬਹੁਤ ਤੇਜ਼ ਸੀ। 10 ਤੋਂ 12 ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਸ਼ਾਮ 4 ਵਜੇ ਤੱਕ ਅੱਗ ‘ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਹੌਜ਼ਰੀ ‘ਚੋਂ ਧੂੰਆਂ ਨਿਕਲਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਹਾਲਾਂਕਿ ਇਸ ਦੀ ਅੰਤਿਮ ਪੁਸ਼ਟੀ ਨਹੀਂ ਹੋ ਸਕੀ ਹੈ।