ਆਕਲੈਂਡ ਸੀਬੀਡੀ ਵਿੱਚ ਵੀਰਵਾਰ ਸਵੇਰੇ ਹੋਈ ਗੋਲੀਬਾਰੀ ਵਿੱਚ ਇੱਕ ਬੰਦੂਕਧਾਰੀ ਹਮਲਾਵਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਇੱਕ ਅਧਿਕਾਰੀ ਅਤੇ ਚਾਰ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਵੀ ਕੀਤੀ ਹੈ। ਅਧਿਕਾਰੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ ਪਰ ਉਦੋਂ ਤੋਂ ਉਹ ਸਥਿਰ ਹਾਲਤ ਵਿੱਚ ਹੈ। ਬਾਕੀ ਚਾਰ ਲੋਕਾਂ ਨੂੰ ਗੰਭੀਰ ਤੋਂ ਦਰਮਿਆਨੀ ਸੱਟਾਂ ਲੱਗੀਆਂ ਹਨ। ਸੇਂਟ ਜੌਨਸ ਨੇ ਕਿਹਾ ਕਿ ਛੇ ਮਰੀਜ਼ਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ ਵਿੱਚ ਇੱਕ ਗੰਭੀਰ ਹਾਲਤ ਵਿੱਚ ਸੀ ਜਿਸ ਨੂੰ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਸਥਿਤੀ ਹੁਣ ਕਾਬੂ ਵਿਚ ਹੈ।
ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਮੀਡੀਆ ਨੂੰ ਦੱਸਿਆ ਕਿ ਘਟਨਾ ਸਵੇਰੇ 7.23 ਵਜੇ ਵਾਪਰੀ, ਉਨ੍ਹਾਂ ਦੱਸਿਆ ਕਿ ਇੱਕ ਬੰਦੂਕ ਵਾਲਾ ਵਿਅਕਤੀ ਸੀ, ਜਿਸ ਨੇ ਹੇਠਲੀ ਕੁਈਨ ਸਟਰੀਟ ‘ਤੇ ਇੱਕ ਉਸਾਰੀ ਵਾਲੀ ਥਾਂ ਦੇ ਅੰਦਰ ਗੋਲੀਬਾਰੀ ਕੀਤੀ ਸੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਨੌਜਵਾਨ 24 ਸਾਲ ਦਾ ਸੀ, ਜੋ ਘਰੇਲੂ ਹਿੰਸਾ ਨੂੰ ਅੰਜਾਮ ਦੇਣ ਕਾਰਨ ਹੋਮ ਡਿਟੈਂਸ਼ਨ ਤਹਿਤ ਘਰ ਵਿੱਚ ਨਜਰਬੰਦ ਸੀ ਅਤੇ ਉਸਦੇ ਇਲੈਕਟ੍ਰਿਕ ਮੋਨੀਟਰਿੰਗ ਬਰੈਸਲੈਟ ਵੀ ਲੱਗਿਆ ਹੋਇਆ ਸੀ।