ਨਿਊਜ਼ੀਲੈਂਡ ‘ਚ ਲੁਟੇਰਿਆਂ ਨੂੰ ਨਹੀਂ ਰਿਹਾ ਪੁਲਿਸ ਦਾ ਡਰ ! ਇਸ ਗੱਲ ਦਾ ਅੰਦਾਜ਼ਾ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਤੋਂ ਲਗਾਇਆ ਜਾ ਸਕਦਾ ਹੈ। ਉੱਥੇ ਹੀ ਹੁਣ ਇੱਕ ਹੋਰ ਤਾਜ਼ਾ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ ,ਜਿੱਥੇ ਇੱਕ ਕੱਪੜਿਆਂ ਦੇ ਸਟੋਰ ‘ਤੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ ਕੀਤੀ ਹੈ, ਪਰ ਉਹ ਸਫਲ ਨਹੀਂ ਹੋ ਪਾਏ। ਸਟੋਰ ਦੇ ਮੈਨੇਜਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਨੂੰ ਸ਼ਨੀਵਾਰ ਸਵੇਰੇ 1 ਵਜੇ ਦੇ ਕਰੀਬ ਚੋਰੀ ਦੀ ਕੋਸ਼ਿਸ਼ ਬਾਰੇ ਸੁਚੇਤ ਕੀਤਾ ਗਿਆ ਸੀ।
“ਸਾਨੂੰ ਸਾਡੀ ਸੁਰੱਖਿਆ ਅਤੇ ਅਲਾਰਮ ਕੰਪਨੀ ਤੋਂ ਇੱਕ ਕਾਲ ਆਈ। ਅਸੀਂ ਸੁਰੱਖਿਆ ਫੁਟੇਜ ਦੀ ਜਾਂਚ ਕੀਤੀ ਅਤੇ ਦੇਖਿਆ ਕਿ ਤਿੰਨ ਕਾਰਾਂ ਨੇ ਸਟੋਰ ਦੀ ਖਿੜਕੀ ਨੂੰ ਟੱਕਰ ਮਾਰੀ ਸੀ। ਖਿੜਕੀ ਨੂੰ ਨੁਕਸਾਨ ਪਹੁੰਚਿਆ ਸੀ ਪਰ ਨੁਕਸਾਨ ਹੋਣ ਦੇ ਬਾਵਜੂਦ ਲੁਟੇਰਿਆਂ ਦੇ ਵਾਹਨ ਇਮਾਰਤ ਦੇ ਅੰਦਰ ਦਾਖਲ ਹੋਣ ਵਿੱਚ ਅਸਫਲ ਰਹੇ ਅਤੇ ਉਹ ਕਰੈਸ਼ ਹੋਣ ਤੋਂ ਬਾਅਦ ਭੱਜ ਗਏ। ਅੰਦਰ ਦਾਖਲ ਨਹੀਂ ਹੋ ਸਕੇ।” ਮੈਨੇਜਰ ਦਾ ਕਹਿਣਾ ਹੈ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਉਨ੍ਹਾਂ ਦੇ ਸਟੋਰ ‘ਤੇ ਇਹ ਦੂਜੀ ਵਾਰਲੁੱਟ ਦੀ ਕੋਸ਼ਿਸ਼ ਹੈ। ਦੋ ਮਹੀਨੇ ਪਹਿਲਾਂ ਹੀ ਮਾਰਚ ਵਿੱਚ ਇੱਥੇ ਇੱਕ ਅਜਿਹੀ ਹੀ ਘਟਨਾ ਵਾਪਰੀ ਸੀ ਅਤੇ ਮੁਰੰਮਤ ਲਈ ਘੱਟੋ ਘੱਟ $ 50,000 ਦਾ ਖਰਚਾ ਆਇਆ ਸੀ।