ਪੰਜਾਬ ਦੇ ਅੰਮ੍ਰਿਤਸਰ ‘ਚ ਡੀਏਵੀ ਸਕੂਲ ਨੂੰ ਉਡਾਉਣ ਦੀ ਧਮਕੀ ਮਗਰੋਂ ਅੰਮ੍ਰਿਤਸਰ ਪੁਲਿਸ ਨੇ ਸਕੂਲ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਸਨ। ਰਾਤ ਨੂੰ ਹੀ ਪੁਲਿਸ ਦੇ ਸਾਈਬਰ ਸੈੱਲ ਨੇ ਵਾਇਰਲ ਹੋਏ ਮੈਸੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ ਤਿੰਨ ਘੰਟਿਆਂ ਵਿੱਚ ਹੀ ਪੁਲਿਸ ਨੇ ਇਸ ਮਾਮਲੇ ਨੂੰ ਟਰੇਸ ਵੀ ਕਰ ਲਿਆ। ਦਰਅਸਲ ਇਹ ਅਫਵਾਹ ਸਕੂਲ ਦੇ ਵਿਦਿਆਰਥੀਆਂ ਨੇ ਹੀ ਫੈਲਾਈ ਸੀ। ਪੁਲਿਸ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਨਾਬਾਲਗ ਹੋਣ ਦੇ ਕਾਰਨ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਪਰ ਕਾਨੂੰਨ ਮੁਤਬਿਕ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਅਜੇ ਤੱਕ ਸਕੂਲ ਨੂੰ ਬੱਚਿਆਂ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਸਕੂਲ ਦੀ ਪ੍ਰਿੰਸੀਪਲ ਪੱਲਵੀ ਸੇਠੀ ਦਾ ਕਹਿਣਾ ਹੈ ਕਿ ਜੇਕਰ ਵਿਦਿਆਰਥੀ ਉਨ੍ਹਾਂ ਦੇ ਸਕੂਲ ਦੇ ਹਨ ਤਾਂ ਉਹ ਵੀ ਕਾਰਵਾਈ ਕਰਨਗੇ।
ਇਹ ਧਮਕੀ ਅੰਮ੍ਰਿਤਸਰ ਸ਼ਹਿਰ ਦੇ ਮਸ਼ਹੂਰ ਡੀਏਵੀ ਪਬਲਿਕ ਸਕੂਲ ਨੂੰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇੰਸਟਾਗ੍ਰਾਮ ‘ਤੇ ਇਕ ਮੈਸੇਜ ਵਾਇਰਲ ਹੋਇਆ ਸੀ, ਜਿਸ ‘ਚ 8 ਸਤੰਬਰ ਨੂੰ ਸਕੂਲ ‘ਚ ਗੋਲੀਆਂ ਚਲਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਵਟਸਐਪ ‘ਤੇ ਇੱਕ ਹੋਰ ਸੰਦੇਸ਼ ਸਾਂਝਾ ਕੀਤਾ ਗਿਆ ਸੀ, ਜਿਸ ‘ਚ 8 ਸਤੰਬਰ ਨੂੰ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇੰਨਾ ਹੀ ਨਹੀਂ ਸੰਦੇਸ਼ ਦੇ ਹੇਠਾਂ ਪਾਕਿਸਤਾਨ ਦਾ ਝੰਡਾ ਵੀ ਲਗਾਇਆ ਗਿਆ ਸੀ। ਇਹ ਮੈਸੇਜ ਜਿੱਥੇ ਅੰਗਰੇਜ਼ੀ ਵਿੱਚ ਵਾਇਰਲ ਹੋਇਆ ਸੀ, ਉੱਥੇ ਹੀ ਉਰਦੂ ਵਿੱਚ ਵੀ ਵਾਇਰਲ ਹੋਇਆ ਸੀ। ਸਕੂਲੀ ਗਰੁੱਪਾਂ ਵਿੱਚ ਮੈਸੇਜ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।