ਲੁਧਿਆਣਾ ਵਿੱਚ ਬੁੱਧਵਾਰ ਦੇਰ ਸ਼ਾਮ ਇੱਕ ਵਾਹਨ ਵਿੱਚੋਂ 68 ਲੱਖ ਰੁਪਏ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਲੁਧਿਆਣਾ ਦੇ ਸਮਰਾਲਾ ਚੌਕ ਦੀ ਹੈ। ਜਿਸ ਗੱਡੀ ਤੋਂ ਇਹ ਰਕਮ ਚੋਰੀ ਹੋਈ ਹੈ, ਉਹ ਚੰਡੀਗੜ੍ਹ ਦੇ ਇੱਕ ਵਪਾਰੀ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਸਮਰਾਲਾ ਚੌਕ ਨੇੜੇ ਕਾਰ ਸੜਕ ‘ਤੇ ਖੜ੍ਹੀ ਕਰ ਦਿੱਤੀ ਸੀ ਅਤੇ ਕਿਸੇ ਕੰਮ ਲਈ ਗਲੀ ਦੇ ਅੰਦਰ ਚਲਾ ਗਿਆ ਸੀ। ਜਦੋਂ ਉਹ ਕੁੱਝ ਸਮੇਂ ਬਾਅਦ ਵਾਪਿਸ ਆਇਆ ਤਾਂ ਗੱਡੀ ਦੇ ਡਰਾਈਵਰ ਸਾਈਡ ਦੇ ਪਿਛਲੇ ਦਰਵਾਜ਼ੇ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਸੀਟ ’ਤੇ ਰੱਖਿਆ ਪੈਸਿਆਂ ਵਾਲਾ ਬੈਗ ਗਾਇਬ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ।
ਕਾਰ ਚਾਲਕ ਗੁਰਪ੍ਰੀਤ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਲੁਧਿਆਣਾ ਆਇਆ ਹੋਇਆ ਸੀ। ਇਸ ਦਾ ਮਾਲਕ ਚੰਡੀਗੜ੍ਹ ਰਹਿੰਦਾ ਹੈ ਅਤੇ ਇਨ੍ਹੀਂ ਦਿਨੀਂ ਉਸ ਦੀ ਕੋਠੀ ਦਾ ਕੰਮ ਚੱਲ ਰਿਹਾ ਹੈ। ਉਹ ਪਹਿਲਾਂ ਵੀ ਕਈ ਵਾਰ ਲੁਧਿਆਣੇ ਆ ਕੇ ਪੇਮੈਂਟ ਵਸੂਲਦਾ ਰਿਹਾ ਹੈ। ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਵਾਪਰੀ ਹੈ। ਦੂਜੇ ਪਾਸੇ ਡਰਾਈਵਰ ਦੀ ਸੂਚਨਾ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਟੀਮ ਮੌਕੇ ’ਤੇ ਪੁੱਜੀ।