ਲਹਿਰਾਗਾਗਾ ਦੇ ਪਿੰਡ ਕੋਟੜਾ ਲਹਿਲ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਮਹਿਲਾ ਅਤੇ ਤਿੰਨ ਨਵਜੰਮੇ ਬੱਚਿਆਂ ਦੀ ਮੌਤ ਹੋਈ ਹੈ। ਦਰਅਸਲ, 24 ਸਾਲਾ ਮਹਿਲਾ ਨੇ 3 ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ। ਪਰ ਬੱਚਿਆਂ ਦੇ ਜਨਮ ਤੋਂ 6 ਘੰਟੇ ਬਾਅਦ ਮਾਂ ਅਤੇ ਤਿੰਨੇ ਬੱਚਿਆਂ ਨੇ ਦਮ ਤੋੜ ਦਿੱਤਾ। ਇਸ ਦੁਖਦਾਇਕ ਖ਼ਬਰ ਨਾਲ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਿਆ ਹੈ ਤੇ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਹੈ। ਬੀਤੇ ਦਿਨ ਤਿੰਨੇ ਬੱਚਿਆਂ ਸਮੇਤ ਔਰਤ ਦਾ ਪਿੰਡ ਕੋਟੜਾ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਵੀ ਕਰ ਦਿੱਤਾ ਗਿਆ ਹੈ।
ਪਿੰਡ ਕੋਟੜਾ ਲਹਿਲ ਦੇ ਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਮੇਰੇ ਚਚੇਰੇ ਭਰਾ ਹਸਪ੍ਰੀਤ ਸਿੰਘ ਦੀ ਪਤਨੀ ਮਨਦੀਪ ਕੌਰ (24) ਨੂੰ ਜਣੇਪੇ ਤੋਂ ਪਹਿਲਾਂ 26 ਅਕਤੂਬਰ ਨੂੰ ਸਾਂਹ ਲੈਣ ਦੀ ਤਕਲੀਫ਼ ਸ਼ੁਰੂ ਹੋ ਗਈ ਸੀ, ਜਿਸ ਕਰ ਕੇ ਪਰਿਵਾਰ ਵੱਲੋਂ ਮਨਦੀਪ ਕੌਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿਥੇ ਦੇਰ ਸ਼ਾਮ ਕਰੀਬ 7.30 ਵਜੇ ਡਾਕਟਰਾਂ ਨੇ ਉਸ ਦੇ ਪੇਟ ਦਾ ਅਪ੍ਰੇਸ਼ਨ ਕਰ ਕੇ 3 ਪੁੱਤਰਾਂ ਨੂੰ ਜਨਮ ਦਿਵਾਇਆ।
ਜਿਨ੍ਹਾਂ ਵਿੱਚੋਂ 2 ਪੁੱਤਰ ਮ੍ਰਿਤਕ ਪਾਏ ਗਏ ਅਤੇ ਤੀਸਰੇ ਪੁੱਤਰ ਨੇ ਵੀ 4-5 ਮਿੰਟ ਔਖੇ ਸਾਹ ਲੈਣ ਤੋਂ ਬਾਅਦ ਦਮ ਤੋੜ ਦਿਤਾ। ਪੁੱਤਰਾਂ ਦੀ ਮੌਤ ਦੇ 6 ਘੰਟੇ ਬਾਅਦ ਰਾਤ ਦੇ ਕਰੀਬ 2 ਵਜੇ ਮੇਰੀ ਭਰਜਾਈ ਮਨਦੀਪ ਕੌਰ (24) ਨੇ ਵੀ ਦਮ ਤੋੜ ਦਿਤਾ। ਉਨ੍ਹਾਂ ਦੱਸਿਆ ਕਿ ਮਨਦੀਪ ਕੌਰ ਚੰਗੇ ਸੁਭਾਅ ਵਾਲੀ ਮਹਿਲਾ ਸੀ। ਉਸ ਦੀ ਮੌਤ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।