ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਹੋਈ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਗੁਰਦੁਆਰਾ ਸਾਹਿਬ ਵਿੱਚ ਸਿਰੋਪਾਓ ਦੇਣ ਦੀ ਪ੍ਰਥਾ ਨੂੰ ਬੰਦ ਕਰਨ ਅਤੇ ਇਸ ਤੋਂ ਹੋਣ ਵਾਲੀ ਵਿੱਤੀ ਬੱਚਤ ਨੂੰ ਸਿੱਖ ਨੌਜਵਾਨਾਂ ਦੇ ਵਿੱਦਿਅਕ ਵਿਕਾਸ ‘ਤੇ ਖਰਚਣ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਤਹਿਤ ਸਿਰੋਪਾਓ ਦੇਣ ਦੀ ਆਮ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਸਿਰਫ ਧਾਰਮਿਕ ਸ਼ਖਸੀਅਤਾਂ, ਨਗਰ ਕੀਰਤਨ ਦੌਰਾਨ ਪੰਜ ਪਿਆਰਿਆਂ, ਰਾਗੀਆਂ ਅਤੇ ਧਰਮ ਪ੍ਰਚਾਰਕਾਂ ਤੱਕ ਸੀਮਤ ਕਰ ਦਿੱਤਾ ਗਿਆ ਹੈ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸ੍ਰੀ ਅੰਮ੍ਰਿਤਸਰ ਨੇ ਵੀ ਆਪਣੇ ਯੂ-ਟਿਊਬ ਅਤੇ ਫੇਸਬੁੱਕ ਚੈਨਲਾਂ ਰਾਹੀਂ ਗੁਰਬਾਣੀ ਦਾ ਪ੍ਰਸਾਰਣ ਕਰਨ ਦਾ ਫੈਸਲਾ ਕੀਤਾ ਹੈ। ਇਸ ਨੂੰ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ। ਧਾਮੀ ਨੇ ਕਿਹਾ ਕਿ ਸੰਗਤਾਂ ਦਾ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿੱਚ ਅਥਾਹ ਵਿਸ਼ਵਾਸ ਹੈ। ਇੱਥੇ ਸਾਡਾ ਆਪਣਾ ਵੈੱਬ ਚੈਨਲ ਸਥਾਪਿਤ ਕਰਕੇ, ਗੁਰਬਾਣੀ ਦਾ ਸਿੱਧਾ ਪ੍ਰਸਾਰਣ ਲਗਾਤਾਰ ਸੰਗਤਾਂ ਤੱਕ ਪਹੁੰਚਾਇਆ ਜਾਵੇਗਾ। ਸ੍ਰੀ ਹਰਿਮੰਦਰ ਸਾਹਿਬ ‘ਚ ਆਧੁਨਿਕ ਤਕਨੀਕ ਵਾਲਾ ਸਾਊਂਡ ਸਿਸਟਮ ਵੀ ਲਗਾਇਆ ਜਾਵੇਗਾ, ਜਿਸ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।