ਮੈਂ ਇੱਥੇ ਪੈਦਾ ਹੋਇਆ ਸੀ। ਮੈਂ ਕਦੇ ਵੀ ਦੇਸ਼ ਛੱਡ ਕੇ ਨਹੀਂ ਗਿਆ। ਤਾਂ ਫਿਰ ਮੈਨੂੰ ਅਜਿਹੀ ਜਗ੍ਹਾ ਦੇਸ਼ ਨਿਕਾਲਾ ਕਿਉਂ ਦਿੱਤਾ ਜਾ ਰਿਹਾ ਹੈ ਜਿੱਥੇ ਮੈਂ ਕਿਸੇ ਨੂੰ ਜਾਣਦਾ ਹੀ ਨਹੀਂ ਅਤੇ ਨਾ ਹੀ ਉਹ ਭਾਸ਼ਾ ਬੋਲਦਾ ਹਾਂ ? ਇਹ ਕਹਿਣਾ ਹੈ ਨਿਊਜ਼ੀਲੈਂਡ ‘ਚ ਜੰਮੇ ਤੇ ਪਲੈ ਪੰਜਾਬੀ ਮੂਲ ਦੇ ਭਾਰਤੀ ਦਮਨ ਕੁਮਾਰ ਦਾ। ਦਮਨ ਦਾ ਜਨਮ ਆਕਲੈਂਡ ਵਿੱਚ ਹੋਇਆ ਸੀ, ਅਤੇ ਉਹ ਕਦੇ ਵੀ ਦੇਸ਼ ਛੱਡ ਕਿਤੇ ਨਹੀਂ ਗਿਆ। ਉਸਨੇ ਕੁੱਝ ਸਮਾਂ ਪਹਿਲਾਂ ਹੀ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਹੈ, ਅਤੇ ਉਹ ਵਿਜ਼ੂਅਲ ਆਰਟਸ ਦੀ ਪੜ੍ਹਾਈ ਲਈ ਯੂਨੀਵਰਸਿਟੀ ਜਾਣਾ ਚਾਹੁੰਦਾ ਹੈ। ਪਰ ਜੇਕਰ ਉਹ ਸੋਮਵਾਰ ਨੂੰ ਦੇਸ਼ ਨਹੀਂ ਛੱਡਦਾ, ਤਾਂ ਉਸਨੂੰ ਦੇਸ਼ ਨਿਕਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦਮਨ ਦਾ ਜਨਮ ਜੂਨ 2006 ਵਿੱਚ ਹੋਇਆ ਸੀ – ਇੱਕ ਕਾਨੂੰਨ ਵਿੱਚ ਬਦਲਾਅ ਤੋਂ ਸਿਰਫ਼ ਅੱਠ ਹਫ਼ਤੇ ਬਾਅਦ ਜਿਸਨੇ ਨਿਊਜ਼ੀਲੈਂਡ ਦੀ ਧਰਤੀ ‘ਤੇ ਪੈਦਾ ਹੋਏ ਸਾਰੇ ਬੱਚਿਆਂ ਤੋਂ ਆਟੋਮੈਟਿਕ ਨਾਗਰਿਕਤਾ ਦਾ ਅਧਿਕਾਰ ਖੋਹ ਲਿਆ ਸੀ। ਇਸ ਲਈ ਕਿਉਂਕਿ ਉਸਦੇ ਮਾਪੇ ਓਵਰਸਟੇਅਰ ਸਨ, ਉਹ ਵੀ ਤੁਰੰਤ ਇੱਕ ਓਵਰਸਟੇਅਰ ਬਣ ਗਿਆ – ਜਿਸਦਾ ਮਤਲਬ ਹੈ ਕਿ ਉਹ ਕਦੇ ਵੀ ਕਾਨੂੰਨੀ ਤੌਰ ‘ਤੇ ਇੱਥੇ ਨਹੀਂ ਰਹਿ ਸਕਦਾ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਅਕਸਰ ਹੀ ਆਪਣੇ ਫੈਸਲਿਆਂ ਦੇ ਕਾਰਨ ਸੁਰਖੀਆਂ ‘ਚ ਰਹਿੰਦੀ ਹੈ ਪਰ ਇਸ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।