ਤਸਵੀਰ ‘ਚ ਦਿਖਾਈ ਦੇ ਰਹੇ ਇੰਨ੍ਹਾਂ ਦੋਵਾਂ ਪੰਜਾਬੀ ਮੁੰਡਿਆਂ ਨੇ ਦੁਨੀਆਂ ਭਰ ‘ਚ ਬੱਲੇ-ਬੱਲੇ ਕਰਵਾਈ ਹੈ। ਦਰਅਸਲ ਬਿਜ਼ਨੈੱਸ ਮੈਗਜ਼ੀਨ ਫੋਰਬਸ ਇੰਡੀਆ ਨੇ ’30 ਅੰਡਰ 30′ ਦੀ ਆਪਣੀ ਸਾਲਾਨਾ ਸੂਚੀ ਜਾਰੀ ਕੀਤੀ ਹੈ। 30 ਸਾਲ ਤੋਂ ਘੱਟ ਉਮਰ ਦੀਆਂ 30 ਸਫਲ ਹਸਤੀਆਂ ਦੀ ਇਸ ਸੂਚੀ ਵਿੱਚ ਉਹ ਨਾਂ ਸ਼ਾਮਿਲ ਹਨ ਜੋ ਦੇਸ਼ ਨੂੰ ਇੱਕ ਨਵੀਂ ਦਿਸ਼ਾ ਵਿੱਚ ਲਿਜਾਣ ਦਾ ਕੰਮ ਕਰ ਰਹੇ ਹਨ। ਇਨ੍ਹਾਂ 30 ਹਸਤੀਆਂ ਵਿੱਚ ਜਲੰਧਰ, ਪੰਜਾਬ ਦੇ ਦੋ ਨੌਜਵਾਨ ਵੀ ਸ਼ਾਮਿਲ ਹਨ, ਜਿਨ੍ਹਾਂ ਦੇ ਨਾਮ ਗੁਰਸਿਮਰਨ ਸਿੰਘ ਕਾਲੜਾ ਅਤੇ ਗਗਨਦੀਪ ਸਿੰਘ ਰੀਹਲ ਹਨ। ਦੋਵਾਂ ਨੇ ਭਾਰਤ ‘ਚ ਪਹਿਲੀ ਡਰਾਈਵਰਲੈੱਸ ਗੱਡੀ ਤਿਆਰ ਕਰਕੇ ਭਾਰਤ ਨੂੰ ਨਵੀਂ ਤਕਨੀਕ ਦਿੱਤੀ ਹੈ। ਉਨ੍ਹਾਂ ਦੀ ਕੰਪਨੀ ਦਾ ਨਾਂ ਮਾਈਨਸ ਜ਼ੀਰੋ ਹੈ। ਹਾਲ ਹੀ ‘ਚ ਦੇਸ਼ ਦੀ ਮਸ਼ਹੂਰ ਕੰਪਨੀ ਅਸ਼ੋਕ ਲੇਲੈਂਡ ਨੇ ਵੀ ਉਨ੍ਹਾਂ ਨਾਲ ਸਮਝੌਤਾ ਕੀਤਾ ਹੈ।
ਹਾਈ ਸਕੂਲ ਦੇ ਦੋਸਤਾਂ ਗਗਨਦੀਪ ਰੀਹਲ ਅਤੇ ਗੁਰਸਿਮਰਨ ਕਾਲੜਾ ਨੇ 2021 ਵਿੱਚ ਆਟੋਨੋਮਸ ਡਰਾਈਵਿੰਗ ਸਟਾਰਟਅੱਪ ਮਾਈਨਸ ਜ਼ੀਰੋ ਦੀ ਸਹਿ-ਸਥਾਪਨਾ ਕੀਤੀ ਸੀ। ਅਹਿਮ ਗੱਲ ਹੈ ਕਿ ਗੱਡੀ ਬਣਾਉਣ ਲਈ ਮਹਿੰਗੇ ਸੈਂਸਰਾਂ ਦੀ ਬਜਾਏ ਸਸਤੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਪਿਛਲੇ ਸਾਲ ਮਾਈਨਸ ਜ਼ੀਰੋ ਨੇ Chiratae Ventures ਦੀ ਅਗਵਾਈ ਵਾਲੇ ਨਿਵੇਸ਼ਕਾਂ ਤੋਂ ਫੰਡਿੰਗ ਵਿੱਚ $1.7 ਮਿਲੀਅਨ ਇਕੱਠੇ ਕੀਤੇ।