ਥਾਈਲੈਂਡ ਅਤੇ ਗੁਆਂਢੀ ਦੇਸ਼ ਮਿਆਂਮਾਰ ਵਿੱਚ ਸ਼ੁੱਕਰਵਾਰ ਦੁਪਹਿਰ (28 ਮਾਰਚ 2025) ਨੂੰ 7.7 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਮਿਆਂਮਾਰ ਨੇ ਭੂਚਾਲ ਕਾਰਨ ਛੇ ਖੇਤਰਾਂ ਅਤੇ ਰਾਜਾਂ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਭੂਚਾਲ ਦਾ ਕੇਂਦਰ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਦੇ ਨੇੜੇ ਸੀ। ਬੈਂਕਾਕ ਵਿੱਚ ਭੂਚਾਲ ਕਾਰਨ ਉਸਾਰੀ ਅਧੀਨ ਇੱਕ ਬਹੁ-ਮੰਜ਼ਿਲਾ ਇਮਾਰਤ ਦੇ ਢਹਿ ਜਾਣ ਕਾਰਨ ਧੂੜ ਦਾ ਇੱਕ ਵੱਡਾ ਬੱਦਲ ਉੱਠਦਾ ਦੇਖਿਆ ਗਿਆ। ਘਟਨਾ ਸਮੇਂ ਇਮਾਰਤ ‘ਤੇ ਇਕ ਕਰੇਨ ਲੱਗੀ ਹੋਈ ਸੀ।
ਬੀਬੀਸੀ ਦੀ ਰਿਪੋਰਟ ਮੁਤਾਬਿਕ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਵਿੱਚ ਇੱਕ ਬਚਾਅ ਕਰਮਚਾਰੀ ਨੇ ਦੱਸਿਆ ਕਿ ਭੂਚਾਲ ਕਾਰਨ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਮੌਤਾਂ ਸਬੰਧੀ ਕੋਈ ਅੰਕੜੇ ਨਹੀਂ ਦਿੱਤੇ ਪਰ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਨੁਕਸਾਨ ਦੇਖਿਆ ਜਾ ਰਿਹਾ ਹੈ, ਉਸ ਕਾਰਨ ਮੌਤਾਂ ਦੀ ਗਿਣਤੀ 100 ਤੋਂ ਵੱਧ ਹੋਣ ਦਾ ਖਦਸ਼ਾ ਹੈ।ਰੈੱਡ ਕਰਾਸ ਦਾ ਵੀ ਕਹਿਣਾ ਹੈ ਕਿ ਕਾਫੀ ਨੁਕਸਾਨ ਹੋਇਆ ਹੈ। ਰੈੱਡ ਕਰਾਸ ਇੱਕ ਅੰਤਰਰਾਸ਼ਟਰੀ ਮਾਨਵਤਾਵਾਦੀ ਸੰਸਥਾ ਹੈ ਜੋ ਯੁੱਧ ਅਤੇ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਦੀ ਹੈ।