ਦੱਖਣੀ ਥਾਈਲੈਂਡ ਵਿੱਚ ਸ਼ਨੀਵਾਰ (29 ਜੁਲਾਈ) ਨੂੰ ਇੱਕ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 115 ਤੋਂ ਵੱਧ ਜ਼ਖਮੀ ਹੋ ਗਏ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਿਕ ਧਮਾਕਾ ਨਾਰਾਥੀਵਾਸ ਸੂਬੇ ਦੇ ਸੁੰਗਈ ਕੋਲੋਕ ਸ਼ਹਿਰ ‘ਚ ਸਥਿਤ ਪਟਾਕਾ ਫੈਕਟਰੀ ‘ਚ ਹੋਇਆ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਆਫਤ ਰੋਕਥਾਮ ਅਤੇ ਰਾਹਤ ਵਿਭਾਗ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਅਜੇ ਵੱਧ ਸਕਦੀ ਹੈ।
ਇਸ ਧਮਾਕੇ ਬਾਰੇ ਸ਼ਹਿਰ ਦੇ ਗਵਰਨਰ ਸਨਾਨ ਪੋਂਗਕਸੋਰਨ ਨੇ ਮੀਡੀਆ ਨੂੰ ਦੱਸਿਆ ਕਿ 115 ਲੋਕ ਜ਼ਖਮੀ ਹੋਏ ਹਨ ਅਤੇ ਕਈਆਂ ਦੀ ਹਾਲਤ ਗੰਭੀਰ ਹੈ। ਸਾਰਿਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਧਮਾਕੇ ਕਾਰਨ ਮੰਡੀ ਵਿੱਚ ਲੱਗੀ ਅੱਗ ‘ਤੇ ਹੁਣ ਕਾਬੂ ਪਾ ਲਿਆ ਗਿਆ ਹੈ।