ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਇੱਕ ਹਮਲਾਵਰ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਇਹ ਤਸਵੀਰ ਘਟਨਾ ਵਾਲੀ ਥਾਂ ਦੀ ਹੈ, ਜਿਸ ਵਿੱਚ ਉਹ ਆਪਣੇ ਹੱਥ ਵਿੱਚ ਬੰਦੂਕ ਫੜੀ ਖੜ੍ਹਾ ਨਜ਼ਰ ਆ ਰਿਹਾ ਹੈ। ਹਾਲਾਂਕਿ, ਤਸਵੀਰ ਵਿੱਚ ਅੱਤਵਾਦੀ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਹੈ। ਪਹਿਲਗਾਮ ਹਮਲੇ ਤੋਂ ਬਾਅਦ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਐਨਆਈਏ ਦੀਆਂ ਟੀਮਾਂ ਸ੍ਰੀਨਗਰ ਪਹੁੰਚ ਗਈਆਂ ਹਨ। ਫੋਰੈਂਸਿਕ ਟੀਮਾਂ ਵੀ ਮੌਕੇ ‘ਤੇ ਮੌਜੂਦ ਹਨ। ਫੌਜ, ਸੀਆਰਪੀਐਫ, ਐਸਓਜੀ, ਜੰਮੂ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਹੈਲੀਕਾਪਟਰਾਂ ਅਤੇ ਡਰੋਨਾਂ ਦੀ ਵਰਤੋਂ ਕਰਕੇ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੁਗਲ ਰੋਡ ‘ਤੇ ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲਿਸ ਤਾਇਨਾਤ ਕੀਤੀ ਗਈ ਹੈ। ਪਹਿਲਗਾਮ ਵਿੱਚ ਸੁਰੱਖਿਆ ਬਲਾਂ ਦੀ ਕਾਰਵਾਈ ਖਤਮ ਹੋਣ ਤੋਂ ਬਾਅਦ, ਐਨਆਈਏ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਪਹਿਲਗਾਮ ਹਸਪਤਾਲ ਤੋਂ ਸ਼੍ਰੀਨਗਰ ਭੇਜ ਦਿੱਤੀਆਂ ਗਈਆਂ ਹਨ। ਮੰਗਲਵਾਰ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕ ਮਾਰੇ ਗਏ ਸਨ ਅਤੇ 17 ਜ਼ਖਮੀ ਹੋ ਗਏ ਸਨ। ਇਹ ਹਮਲਾ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਲੋਕਾਂ ਨੂੰ ਚੋਣਵੇਂ ਢੰਗ ਨਾਲ ਨਿਸ਼ਾਨਾ ਬਣਾਇਆ ਗਿਆ ਸੀ।
