ਦੇਸ਼ ਭਰ ‘ਚ ਜਿੱਥੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਨੇ ਉੱਥੇ ਹੀ ਡੁਨੇਡਿਨ ਤੋਂ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪ੍ਰਸ਼ਾਸਨ ਦੇ ਨਾਲ ਨਾਲ ਮਾਪਿਆਂ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਹਨ। ਦਰਅਸਲ ਡੁਨੇਡਿਨ ‘ਚ 10 ਨੌਜਵਾਨਾਂ ਨੂੰ ਇੱਕ ਚੋਰੀ ਦੀ ਕਾਰ ਵਿੱਚੋਂ ਚੋਰੀ ਦੇ ਸਮਾਨ ਸਮੇਤ ਫੜਿਆ ਗਿਆ ਹੈ। ਸੀਨੀਅਰ ਸਾਰਜੈਂਟ ਐਂਥਨੀ ਬਾਂਡ ਨੇ ਕਿਹਾ ਕਿ ਸ਼ਨੀਵਾਰ ਨੂੰ ਸਵੇਰੇ 3.10 ਵਜੇ ਪੁਲਿਸ ਨੇ ਚੋਰੀ ਕੀਤੀ ਟੋਇਟਾ ਐਕਵਾ ਨੂੰ ਕੋਰਸਟੋਰਫਾਈਨ ਦੀਆਂ ਸੜਕਾਂ ਦੇ ਆਲੇ-ਦੁਆਲ ਦੇਖਿਆ ਸੀ। ਪੁਲਿਸ ਨੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹ ਮੌਕੇ ਤੋਂ ਭੱਜ ਗਏ ਅਤੇ ਬਾਅਦ ਵਿੱਚ ਸੇਂਟ ਕਲੇਅਰ ਦੇ ਨੇੜਲੇ ਉਪਨਗਰ ਵਿੱਚ, ਏਰਸਕਾਈਨ ਪੀਲ ਵਿੱਚ ਇਹ ਵਾਹਨ ਮਿਲਿਆ। ਪਹਿਲੀ ਹੈਰਾਨੀ ਦੀ ਗੱਲ ਹੈ ਕਿ ਕਾਰ ਇੱਕ ਬੱਚੇ ਦੁਆਰਾ ਚਲਾਈ ਜਾ ਰਹੀ ਸੀ ਜੋ ਸਿਰਫ 14 ਸਾਲ ਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਛੋਟੀ ਗੱਡੀ ਵਿੱਚ ਡਰਾਈਵਰ ਤੋਂ ਇਲਾਵਾ 9 ਨੌਜਵਾਨ ਹੋਰ ਸਵਾਰ ਸਨ, ਜਿਨ੍ਹਾਂ ਕੋਲੇ ਕੁਝ ਬੂਟ ਵੀ ਸਨ। ਇਸ ਦੌਰਾਨ ਬਾਕੀ ਨੌਜਵਾਨਾਂ ਦੀ ਉਮਰ ਬਾਰੇ ਕੋਈ ਜਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਹਾਲਾਂਕਿ ਉਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਿਸ ਭੇਜ ਦਿੱਤਾ ਗਿਆ ਹੈ, ਪਰ ਇਸ ਮਾਮਲੇ ਨੂੰ ਹੁਣ ਯੂਥ ਏਡ ਦੇ ਹਵਾਲੇ ਵੀ ਕਰ ਦਿੱਤਾ ਗਿਆ ਹੈ। ਬੌਂਡ ਨੇ ਕਿਹਾ ਕਿ ਸਫ਼ਰ ਖ਼ਤਮ ਹੋਣ ਤੋਂ ਪਹਿਲਾਂ ਡਰਾਈਵਰ ਕਰੀਬ 2 ਘੰਟੇ ਆਪਣੇ ਦੋਸਤਾਂ ਨੂੰ ਚੁੱਕ ਕੇ ਗੱਡੀ ਸੜਕਾਂ ‘ਤੇ ਘੁੰਮਾ ਰਿਹਾ ਸੀ।