ਪੰਜਾਬ-ਹਰਿਆਣਾ ਸਮੇਤ ਉੱਤਰੀ ਭਾਰਤ ‘ਚ ਅਸਮਾਨ ਤੋਂ ਹੋ ਰਹੀ ਅੱਗ ਦੀ ਵਰਖਾ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ‘ਚ ਵਾਧਾ ਹੋ ਗਿਆ ਹੈ। ਪੰਜਾਬ ‘ਚ ਪਾਰਾ 49 ਡਿਗਰੀ ਨੂੰ ਪਾਰ ਕਰ ਗਿਆ ਹੈ ਅਤੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮੰਗਲਵਾਰ ਨੂੰ ਬਠਿੰਡਾ 49.3 ਡਿਗਰੀ ਦੇ ਨਾਲ ਸਭ ਤੋਂ ਗਰਮ ਰਿਹਾ। ਮੌਸਮ ਵਿਭਾਗ ਅਨੁਸਾਰ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਵਿੱਚ ਮਈ ਮਹੀਨੇ ਵਿੱਚ ਪਾਰਾ 49 ਡਿਗਰੀ ਨੂੰ ਪਾਰ ਕਰ ਗਿਆ ਹੈ। ਇੱਥੋਂ ਤੱਕ ਕਿ ਪਹਾੜੀ ਰਾਜ ਵੀ ਭਿਆਨਕ ਗਰਮੀ ਨਾਲ ਜੂਝ ਰਹੇ ਹਨ। ਜੰਮੂ-ਕਸ਼ਮੀਰ ਦੇ ਜੰਮੂ ਡਿਵੀਜ਼ਨ ਵਿੱਚ ਤਾਪਮਾਨ 43 ਡਿਗਰੀ ਤੱਕ ਪਹੁੰਚ ਗਿਆ ਹੈ ਅਤੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਿਮਾਚਲ ਦੇ ਊਨਾ ‘ਚ ਪਾਰਾ 44 ਡਿਗਰੀ ਨੂੰ ਪਾਰ ਕਰ ਗਿਆ ਹੈ।
ਬਠਿੰਡਾ ਤੇ ਲੁਧਿਆਣਾ ਵੀ ਤੇਜ਼ ਗਰਮੀ ਦੀ ਲਪੇਟ ਵਿੱਚ ਰਹੇ। ਅੰਮ੍ਰਿਤਸਰ, ਪਟਿਆਲਾ, ਪਠਾਨਕੋਟ, ਫਰੀਦਕੋਟ ਵਿੱਚ ਵੀ ਗਰਮੀ ਦੀ ਲਹਿਰ ਸੀ। ਮੰਗਲਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਇਹ ਹੁਣ ਆਮ ਨਾਲੋਂ 6.5 ਡਿਗਰੀ ਵੱਧ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਭਿਆਨਕ ਗਰਮੀ ਦਾ ਰੈੱਡ ਅਲਰਟ ਜਾਰੀ ਕੀਤਾ ਹੈ ਪਰ ਵੀਰਵਾਰ ਤੋਂ ਇਸ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਵਿਭਾਗ ਨੇ ਵੀਰਵਾਰ ਤੋਂ ਚਾਰ ਦਿਨਾਂ ਤੱਕ ਪੰਜਾਬ ‘ਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਮੁਤਾਬਿਕ ਇਸ ਦੌਰਾਨ ਦਿਨ ਦੇ ਤਾਪਮਾਨ ‘ਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਆ ਸਕਦੀ ਹੈ, ਇਸ ਦੇ ਬਾਵਜੂਦ ਹੋਰ ਥਾਵਾਂ ‘ਤੇ ਗਰਮੀ ਦਾ ਕਹਿਰ ਜਾਰੀ ਰਹੇਗਾ।