ਨਿਊਜ਼ੀਲੈਂਡ ‘ਚ ਹੁੰਦੀਆਂ ਚੋਰੀਆਂ ਪੁਲਿਸ ਤੇ ਮਾਪਿਆਂ ਦੇ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਕਿਉਂਕ ਦੇਸ਼ ਭਰ ‘ਚਨੌਜਵਾਨਾਂ ਦੇ ਨਾਲ ਨਾਲ ਹੁਣ ਬੱਚੇ ਵੀ ਇੰਨਾਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਨੇ। ਤਾਜ਼ਾ ਮਾਮਲਾ ਨੇਪੀਅਰ ਤੋਂ ਸਾਹਮਣੇ ਆਇਆ ਹੈ। ਦਰਅਸਲ ਨੇਪੀਅਰ ਪੁਲਿਸ ਨੇ ਇੱਕ 14 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਚਾਰ ਹਾਲੀਆ ਹੋਈਆਂ ਰੈਮ ਰੇਡਾਂ ਵਿੱਚ ਸ਼ਾਮਿਲ ਸੀ, ਜਦਕਿ ਇੱਕ ਹੋਰ ਨੌਜਵਾਨ ਕਿਸ਼ੋਰ ਨੂੰ ਇੱਕ ਚੋਰੀ ਦੌਰਾਨ ਸ਼ੀਸ਼ੇ ਦੇ ਦਰਵਾਜ਼ੇ ਵਿੱਚ ਲੱਤ ਮਾਰਦੇ ਹੋਏ ਕਾਫੀ ਸੱਟ ਲੱਗੀ ਹੋਈ ਸੀ।
ਡਿਟੈਕਟਿਵ ਸੀਨੀਅਰ ਸਾਰਜੈਂਟ ਜੇਮਸ ਕੀਨੇ ਨੇ ਕਿਹਾ ਕਿ 14 ਸਾਲ ਦਾ ਬੱਚਾ ਹਾਕਸ ਬੇ ਦੇ ਆਲੇ ਦੁਆਲੇ “ਬਹੁਤ ਸਾਰੀਆਂ” ਵਾਹਨ ਚੋਰੀਆਂ ਵਿੱਚ ਸ਼ਾਮਿਲ ਰਿਹਾ ਹੈ। ਜਦਕਿ 13 ਸਾਲ ਦੇ ਬੱਚੇ ਨੇ ਬਿਗ ਬੈਰਲ ਸਟੋਰ ‘ਤੇ ਸਭ ਤੋਂ ਤਾਜ਼ਾ ਰੈਮ ਰੇਡ ਦੌਰਾਨ ਸ਼ੀਸ਼ੇ ਦੇ ਦਰਵਾਜ਼ੇ ਨੂੰ ਲੱਤ ਮਾਰੀ ਸੀ। ਹਾਲਾਂਕਿ ਇਸ ਦੌਰਾਨ ਉਹ ਖੁਦ ਜ਼ਖਮੀ ਹੋ ਗਿਆ ਸੀ।ਕੀਨੇ ਨੇ ਕਿਹਾ ਕਿ ਪੁਲਿਸ ਅਜੇ ਵੀ ਸ਼ਾਮਿਲ ਕਿਸੇ ਹੋਰ ਧਿਰ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ।