ਨਿਊਜ਼ੀਲੈਂਡ ਦੇ ਜਵਾਕ ਗਲਤ ਹਰਕਤਾਂ ਤੋਂ ਬਾਜ਼ ਆਉਣ ਦਾ ਨਾਮ ਨਹੀਂ ਲੈ ਰਹੇ। ਆਏ ਦਿਨ ਹੀ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਰਿਹਾ ਹੈ। ਹੈਰਾਨ ਕਰਨ ਵਾਲਾ ਤਾਜ਼ਾ ਮਾਮਲਾ ਆਕਲੈਂਡ ਦੇ ਉਪਨਗਰ ਟਾਕਾਨਿਨੀ ਤੋਂ ਸਾਹਮਣੇ ਆਇਆ ਹੈ। ਦਰਅਸਲ ਟਾਕਾਨਿਨੀ ‘ਚ ਸ਼ਨੀਵਾਰ ਨੂੰ ਇਕ ਡੇਅਰੀ ‘ਤੇ ਲੁੱਟ ਦੀ ਵਾਰਦਾਤ ਮਗਰੋਂ ਪੁਲਿਸ ਨੇ ਇੱਕ 17 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ, “ਤੜਕੇ 3:50 ਵਜੇ ਦੇ ਕਰੀਬ, ਪੁਲਿਸ ਨੂੰ ਗ੍ਰੇਟ ਸਾਊਥ ਰੋਡ ‘ਤੇ ਇੱਕ ਪਤੇ ‘ਤੇ ਲੁੱਟ ਦੀ ਸੂਚਨਾ ਦਿੱਤੀ ਗਈ ਸੀ।”
“ਨਕਾਬਪੋਸ਼ ਅਪਰਾਧੀਆਂ ਦੇ ਇੱਕ ਸਮੂਹ ਨੇ ਜ਼ਬਰਦਸਤੀ ਇਮਾਰਤ ਵਿੱਚ ਦਾਖਲ ਹੋਣ ਲਈ ਇੱਕ ਵਾਹਨ ਦੀ ਵਰਤੋਂ ਕੀਤੀ ਸੀ ਅਤੇ ਬਹੁਤ ਸਾਰਾ ਸਾਮਾਨ ਲੁੱਟ ਲਿਆ ਸੀ।” ਇਸ ਮਾਮਲੇ ‘ਚ ਗ੍ਰਿਫਤਾਰ 17 ਸਾਲਾ ਨੌਜਵਾਨ ਨੂੰ 10 ਜਨਵਰੀ ਨੂੰ ਮੈਨੂਕਾਊ ਯੂਥ ਕੋਰਟ ਵਿੱਚ ਚੋਰੀ ਦੇ ਦੋਸ਼ ਦਾ ਸਾਹਮਣਾ ਕਰਨ ਲਈ ਪੇਸ਼ ਕੀਤਾ ਜਾਣਾ ਹੈ।