ਦੁਕਾਨਦਾਰ ਨੂੰ ਚਾਕੂ ਦਿਖਾ ਕੇ ਧਮਕਾਉਣ ਅਤੇ ਕੈਸ਼ ਰਜਿਸਟਰ ਚੋਰੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਆਕਲੈਂਡ ਦੇ ਪੈਨਮੂਰ ਵਿੱਚ ਪੁਲਿਸ ਨੂੰ ਘਟਨਾ ਸਥਾਨ ‘ਤੇ ਬੁਲਾਇਆ ਗਿਆ ਜਦੋਂ ਕਵੀਂਸ ਰੋਡ ‘ਤੇ ਸੁਪਰੇਟ ਵਿਖੇ ਸਟੋਰ ਦੇ ਇੱਕ ਸਟਾਫ ਮੈਂਬਰ ਨੂੰ ਨੌਜਵਾਨ ਨੇ ਧਮਕਾਇਆ ਸੀ। ਕਥਿਤ ਅਪਰਾਧੀ ਮੰਗਲਵਾਰ ਦੁਪਹਿਰ ਕਰੀਬ 2.50 ਵਜੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਦੁਕਾਨ ਤੋਂ ਬਾਹਰ ਨਿਕਲਣ ‘ਚ ਕਾਮਯਾਬ ਹੋ ਗਿਆ ਸੀ।
ਆਕਲੈਂਡ ਸਿਟੀ ਦੇ ਕ੍ਰਾਈਮ ਸਕੁਐਡ ਦੇ ਡਿਟੈਕਟਿਵ ਸੀਨੀਅਰ ਸਾਰਜੈਂਟ ਸਕਾਟ ਆਰਮਸਟ੍ਰਾਂਗ ਨੇ ਕਿਹਾ ਕਿ 18 ਸਾਲਾ ਨੌਜਵਾਨ ਸਟੋਰ ਵਿੱਚ ਦਾਖਲ ਹੋਇਆ ਸੀ, ਇੱਕ ਚਾਕੂ ਦਿਖਾ ਲੁੱਟ ਕੀਤੀ ਸੀ। ਉਸ ਨੇ ਕਾਊਂਟਰ ‘ਤੇ ਛਾਲ ਮਾਰ ਦਿੱਤੀ ਅਤੇ ਨਕਦ ਰਜਿਸਟਰ ਲੈ ਲਿਆ, ਇਸ ਦੌਰਾਨ ਸਟਾਫ ਮੈਂਬਰ ਸਟੋਰ ਤੋਂ ਬਾਹਰ ਆ ਗਿਆ ਅਤੇ ਉਸਨੇ ਅਪਰਾਧੀ ਨੂੰ ਅੰਦਰ ਬੰਦ ਕਰ ਦਿੱਤਾ ਸੀ। ਹਾਲਾਂਕਿ ਨੌਜਵਾਨ ਭੱਜਣ ‘ਚ ਕਾਮਯਾਬ ਹੋ ਗਿਆ ਸੀ।
ਇਸ ਮਗਰੋਂ ਅਧਿਕਾਰੀਆਂ ਨੇ ਜਲਦੀ ਹੀ ਕਥਿਤ ਅਪਰਾਧੀ ਨੂੰ ਲੱਭ ਲਿਆ, ਜੋ ਕਿ ਪੈਦਲ ਨਿਕਲਿਆ ਸੀ, ਅਤੇ ਉਸਨੂੰ ਗ੍ਰਿਫਤਾਰ ਕਰ ਲਿਆ। ਆਰਮਸਟ੍ਰਾਂਗ ਨੇ ਕਿਹਾ, “ਅਸੀਂ ਉਸ ਤੋਂ ਇੱਕ ਚਾਕੂ, ਨਕਦ ਰਜਿਸਟਰ ਅਤੇ ਸਟੋਰ ਤੋਂ ਲਏ ਗਏ ਪੈਸੇ ਬਰਾਮਦ ਕੀਤੇ ਹਨ।” ਖੁਸ਼ਕਿਸਮਤੀ ਨਾਲ ਇਸ ਘਟਨਾ ਦੌਰਾਨ ਪੀੜਤ ਨੂੰ ਕੋਈ ਸੱਟ ਨਹੀਂ ਲੱਗੀ।