ਸ਼ਿਵਮ ਮਾਵੀ ਦੀ ਘਾਤਕ ਗੇਂਦਬਾਜ਼ੀ ਅਤੇ ਦੀਪਕ ਹੁੱਡਾ ਅਤੇ ਅਕਸ਼ਰ ਪਟੇਲ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਟੀਮ ਇੰਡੀਆ ਨੇ ਮੁੰਬਈ ਦੇ ਵਾਨਖੇੜੇ ‘ਚ ਖੇਡੇ ਗਏ ਰੋਮਾਂਚਕ ਪਹਿਲੇ ਟੀ-20 ‘ਚ ਸ਼੍ਰੀਲੰਕਾ ਨੂੰ 2 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਮੈਚ ‘ਚ ਪਹਿਲਾਂ ਖੇਡਦਿਆਂ ਭਾਰਤੀ ਟੀਮ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 162 ਦੌੜਾਂ ਬਣਾਈਆਂ ਸਨ। ਜਵਾਬ ‘ਚ ਸ਼੍ਰੀਲੰਕਾ ਦੀ ਟੀਮ ਨਿਰਧਾਰਤ ਓਵਰਾਂ ‘ਚ 160 ਦੌੜਾਂ ਹੀ ਬਣਾ ਸਕੀ। ਭਾਰਤ ਲਈ ਡੈਬਿਊ ਕਰਨ ਵਾਲੇ ਸ਼ਿਵਮ ਮਾਵੀ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ ਅਤੇ ਸਪੀਡ ਸਟਾਰ ਉਮਰਾਨ ਮਲਿਕ ਨੇ ਦੋ ਵਿਕਟਾਂ ਲਈਆਂ।
ਚਮਿਕਾ ਕਰੁਣਾਰਤਨੇ ਨੇ ਮੈਚ ਲਗਭਗ ਸ਼੍ਰੀਲੰਕਾ ਦੀ ਝੋਲੀ ‘ਚ ਪਾ ਦਿੱਤਾ ਸੀ ਪਰ ਅਕਸ਼ਰ ਪਟੇਲ ਨੇ ਆਖਰੀ ਓਵਰ ‘ਚ ਸਮਝਦਾਰੀ ਨਾਲ ਗੇਂਦਬਾਜ਼ੀ ਕੀਤੀ ਅਤੇ ਆਖਰੀ ਗੇਂਦ ‘ਤੇ ਟੀਮ ਇੰਡੀਆ ਨੂੰ ਜਿੱਤ ਦਿਵਾਈ। ਕਰੁਣਾਰਤਨੇ ਨੇ 16 ਗੇਂਦਾਂ ਵਿੱਚ ਦੋ ਛੱਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ। ਸ਼੍ਰੀਲੰਕਾ ਨੂੰ ਜਿੱਤ ਲਈ ਆਖਰੀ ਓਵਰ ਵਿੱਚ 13 ਦੌੜਾਂ ਦੀ ਲੋੜ ਸੀ।