[gtranslate]

“ਰੱਬ ਵਰਗੇ ਅਧਿਆਪਕਾਂ ਨੂੰ ਅਸੀਂ ਸਜਦੇ ਕਰਦੇ ਆਂ” : ਆਲਮਗੀਰ ਵਿਖੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦਾ ਕੀਤਾ ਗਿਆ ਵਿਸ਼ੇਸ ਸਨਮਾਨ

teachers were honoured on teachers day

ਹੱਥਾਂ ਵਿੱਚ ਸਾਡੇ ਹੱਥ ਫੜਕੇ ਕਲਮ ਚਲਾਉਣੀ ਦੱਸੀ
ਵੱਡਿਆਂ ਦਾ ਸਤਿਕਾਰ ਕਰਨ ਦੀ ਰੀਤ ਸਿਖਾਈ ਸੱਚੀ,

ਤਾਹੀਂ ਹੌਲੀ-ਹੌਲੀ ਕਾਮਯਾਬੀ ਦੀਆਂ ਪੌੜੀਆਂ ਚੜਦੇ ਆਂ
ਸਾਡੇ ਰੱਬ ਵਰਗੇ ਅਧਿਆਪਕਾਂ ਨੂੰ ਅਸੀਂ ਸਜਦੇ ਕਰਦੇ ਆਂ।

ਸੁੱਖ ਦੁਲੇਅ – ਸਾਬਕਾ ਰਾਸ਼ਟਰਪਤੀ ਭਾਰਤ ਰਤਨ ਡਾ. ਏ. ਪੀ. ਜੇ. ਅਬਦੁੱਲ ਕਲਾਮ ਨੇ ਕਿਹਾ ਸੀ ਕਿ ‘‘ਅਧਿਆਪਕ ਇਕ ਬਹੁਤ ਹੀ ਮਹਾਨ ਪੇਸ਼ਾ ਹੈ ਜੋ ਇਕ ਵਿਅਕਤੀ ਦੇ ਚਰਿੱਤਰ, ਸਮਰੱਥਾ ਅਤੇ ਭਵਿੱਖ ਨੂੰ ਆਕਾਰ ਦਿੰਦਾ ਹੈ।’’ ਉਨ੍ਹਾਂ ਦੇ ਇਸੇ ਵਰਨਣ ਨੂੰ ਧਿਆਨ ’ਚ ਰੱਖ ਕੇ ਅਧਿਆਪਕ ਨੂੰ ਫਰਜ਼, ਲਗਨ ਨਾਲ ਦੇਸ਼ ਅਤੇ ਸਮਾਜ ਦੇ ਨਵੇਂ ਨਿਰਮਾਣ ’ਚ ਆਪਣਾ ਯੋਗਦਾਨ ਦੇਣਾ ਪਏਗਾ ਅਤੇ ਬੀਤੇ ਦਿਨ ਅਸੀਂ ਪ੍ਰਸਿੱਧ ਸਿਆਸੀ ਆਗੂ, ਵਿਦਵਾਨ ਅਤੇ ਇਕ ਆਦਰਸ਼ ਅਧਿਆਪਕ ਦੇਸ਼ ਦੇ ਸਾਬਕਾ ਰਾਸ਼ਟਰਪਤੀ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਨੂੰ ਯਾਦ ਕਰ ਕੇ ਉਨ੍ਹਾਂ ਨੂੰ ਸ਼ਰਾਂਧਜਲੀ ਦਿੱਤੀ ਹੈ। ਉਨ੍ਹਾਂ ਨੇ ਸਾਡੇ ਸਮਾਜ ਨੂੰ ਸਮਾਵੇਸ਼ੀ ਬਣਾਉਣ ਲਈ ਸਿੱਖਿਆ ਅਤੇ ਅਧਿਆਪਕ ਦੀ ਮਹੱਤਵਪੂਰਨ ਭੂਮਿਕਾ ਦੀ ਪਰਿਕਲਪਨਾ ਕੀਤੀ ਸੀ।

ਅਧਿਆਪਕ ਦਾ ਦੇਸ਼ ਦੇ ਨਿਰਮਾਣ ’ਚ ਵਿਸ਼ੇਸ਼ ਸਥਾਨ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਉਹ ਦੇਸ਼ ਦੇ ਭਵਿੱਖ ਦੇ ਨਿਰਮਾਤਾ ਹਨ। ਅਧਿਆਪਕ ਸਮਾਜ ਦੇ ਅਜਿਹੇ ਸ਼ਿਲਪਕਾਰ ਹਨ ਜੋ ਰਾਸ਼ਟਰ ਦੇ ਭਵਿੱਖ ਦੇ ਹੋਣਹਾਰ ਬੱਚਿਆਂ ਨੂੰ ਤਰਾਸ਼ਣ ਦਾ ਕੰਮ ਕਰਦੇ ਹਨ। ਅਧਿਆਪਕ ਆਪਣਾ ਗਿਆਨ ਚੁਫੇਰੇ ਫੈਲਾਉਂਦਾ ਹੈ। ਇਕ ਅਧਿਆਪਕ ਹੀ ਸਫਲ ਰਾਸ਼ਟਰ ਦਾ ਇਕ ਮਹੱਤਵਪੂਰਨ ਥੰਮ੍ਹ ਹੈ। ਅਧਿਆਪਕਾਂ ਦਾ ਯੋਗਦਾਨ ਨਵੀਂ ਪੀੜ੍ਹੀ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ’ਚ ਲਗਾਤਾਰ ਚੱਲਦਾ ਰਹਿੰਦਾ ਹੈ। ਆਦਰਸ਼ ਅਧਿਆਪਕ ਮਾਰਗਦਰਸ਼ਕ ਦੇ ਨਾਲ-ਨਾਲ ਉਹ ਪਵਿੱਤਰ ਆਤਮਾ ਹਨ ਜੋ ਨੌਜਵਾਨ ਪੀੜ੍ਹੀ ਦੇ ਸੁਨਹਿਰੀ ਵਿਕਾਸ ਲਈ ਸਮਰਪਣ ਦੇ ਨਾਲ ਕੰਮ ਕਰਦੇ ਹਨ। ਇਹ ਅਧਿਆਪਕ ਹੀ ਹਨ ਜੋ ਨੌਜਵਾਨ ਪੀੜ੍ਹੀ ਨੂੰ ਜ਼ਿੰਦਗੀ ’ਚ ਕਲਪਨਾਸ਼ੀਲ ਬਣਾਉਣ ਲਈ ਉਤਸ਼ਾਹਿਤ ਕਰਦੇ ਹਨ।

ਅਧਿਆਪਕ ਹੋਣ ਦਾ ਭਾਵ ਸਿਰਫ਼ ਜਮਾਤ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰਨਾ ਜਾਂ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਉਸ ਤੋਂ ਕਿਤੇ ਵੱਧ ਬੱਚਿਆਂ ਨੂੰ ਵਿਚਾਰਸ਼ੀਲ ਅਤੇ ਕਲਪਨਾਸ਼ੀਲ ਬਣਾਉਣਾ ਹੈ ਅਤੇ ਸਮਾਜਿਕ ਚੁਣੌਤੀਆਂ ਦੇ ਨਾਲ ਜੂਝਣ ਲਈ ਤਿਆਰ ਕਰਨਾ ਹੈ। ਅਧਿਆਪਕ ਹਮੇਸ਼ਾ ਗਿਆਨ ਗੰਗਾ ਨੂੰ ਚਲਾਉਂਦਾ ਰਹਿੰਦਾ ਹੈ। ਅਧਿਆਪਕ ’ਚ ਵਿਦਿਆਰਥੀਆਂ ’ਚ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਨੂੰ ਸਮਝਣ ਦਾ ਢੁੱਕਵਾਂ ਲਚਕੀਲਾਪਨ ਵੀ ਹੋਣਾ ਚਾਹੀਦਾ ਹੈ। ਪੜ੍ਹਾਈ ਦਾ ਅਰਥ ਸਿਰਫ ਬੱਚਿਆਂ ਦੇ ਦਿਮਾਗ ਨੂੰ ਤੇਜ਼ ਕਰਨਾ ਹੀ ਨਹੀਂ, ਉਨ੍ਹਾਂ ਦੇ ਦਿਲਾਂ ’ਤੇ ਹਾਂਪੱਖੀ ਅਸਰ ਛੱਡਣਾ ਵੀ ਹੈ, ਜਿਸ ਨੂੰ ਸਿਰਫ਼ ਅਧਿਆਪਕ ਹੀ ਯਕੀਨੀ ਬਣਾ ਸਕਦੇ ਹਨ। ਸਾਡੇ ਬੱਚੇ ਸਾਡੇ ਕੋਲ ਮਹੱਤਵਪੂਰਨ ਕੀਮਤੀ ਜਾਇਦਾਦ ਹਨ। ਇਸ ਜਾਇਦਾਦ ਨੂੰ ਨਵੇਂ ਖੰਭ ਦੇਣ ’ਚ ਸਮਾਜ ਅਤੇ ਸਰਕਾਰ ਦੇ ਇਲਾਵਾ ਅਧਿਆਪਕ ਦੀ ਮਹੱਤਵਪੂਰਨ ਭੂਮਿਕਾ ਨੂੰ ਭੁਲਾਇਆ ਨਹੀਂ ਜਾ ਸਕਦਾ।

ਅਧਿਆਪਕਾਂ ਦੇ ਇਸੇ ਮਹੱਤਵਪੂਰਨ ਭੂਮਿਕਾ ਨੂੰ ਮੁੱਖ ਰੱਖਦਿਆਂ ਜਿੱਥੇ ਬੀਤੇ ਦਿਨ ਪੂਰੇ ਦੇਸ਼ ਭਰ ਦੇ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ ਹੈ, ਉੱਥੇ ਹੀ ਭਾਰਤ ਸਰਕਾਰ, ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਅਤੇ ਸੰਸਥਾਵਾਂ ਵੱਲੋਂ ਵੀ ਆਪਣਾ ਫਰਜ਼ ਨਿਭਾਉਂਦਿਆਂ ਅਧਿਆਪਕਾਂ ਕੀਤਾ ਗਿਆ ਹੈ। ਇਸੇ ਲੜੀ ਤਹਿਤ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਪਿੰਡ ਆਲਮਗੀਰ ਵੱਲੋਂ ਅਧਿਆਪਕ ਦਿਵਸ ਦੇ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲਮਗੀਰ ਜਿਲ੍ਹਾ ਲੁਧਿਆਣਾ ਦੇ ਸਟਾਫ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਸਾਬਕਾ ਸਰਪੰਚ ਮਲਕੀਤ ਸਿੰਘ , ਜਗਦੀਪ ਸਿੰਘ , ਚਰਨ ਸਿੰਘ , ਜਰਨੈਲ ਸਿੰਘ , ਰਾਮ ਆਸਰਾ ਅਤੇ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਦੌਰਾਨ ਸਕੂਲ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਅਧਿਆਪਕ ਦਿਵਸ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ।

ਪ੍ਰਿੰਸੀਪਲ ਸ. ਜਗਦੀਸ਼ ਸਿੰਘ ਵੱਲੋਂ ਆਪਣੇ ਸੰਬੋਧਨ ਦੌਰਾਨ ਇਸ ਦਿਨ ਦੀ ਮਹੱਤਤਾ ਦਾ ਜ਼ਿਕਰ ਕਰਦੇ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਮਿਹਨਤ ਕਰਨ ਲਈ ਪ੍ਰੇਰਿਆ ਗਿਆ। ਜਦਕਿ ਸ਼੍ਰੀਮਤੀ ਨਰਿੰਦਰ ਕੌਰ ਲੈਕਚਰਾਰ ਇਕਨਾਮਿਕਸ ਵੱਲੋਂ ਅਧਿਆਪਕਾਂ ਦੀ ਸਮਾਜ ਪ੍ਰਤੀ ਦੇਣ ਵਿਸ਼ੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਉੱਥੇ ਹੀ ਸ. ਚਰਨ ਸਿੰਘ ਵੱਲੋਂ ਆਪਣੇ ਸੰਬੋਧਨ ਦੌਰਾਨ ਸਕੂਲ ਅਧਿਆਪਕਾਂ ਵੱਲੋਂ ਕਰਵਾਏ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਵੱਲੋਂ ਸਕੂਲ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ ਗਿਆ । ਇਸ ਮੌਕੇ ਤੇ ਪ੍ਰਿੰਸੀਪਲ ਜਗਦੀਸ਼ ਸਿੰਘ , ਅਧਿਆਪਕਾਂ ਨੀਰੂ ਸੇਠੀ , ਜਸਪਾਲ ਕੌਰ , ਨਰਿੰਦਰ ਕੌਰ , ਰਮਨਦੀਪ ਕੌਰ , ਰਾਧਾ ਰਾਣੀ , ਲਖਵੀਰ ਕੌਰ , ਸੁਰਿੰਦਰ ਸਿੰਘ , ਜਸਵਿੰਦਰ ਕੌਰ , ਰਜਵਿੰਦਰ ਕੌਰ , ਪਵਨਪ੍ਰੀਤ ਕੌਰ , ਅੰਜੂ ਮਾਰਟਿਨ . ਮਮਤਾ ਰਿਹਾਨ , ਦਵਿੰਦਰਜੀਤ ਕੌਰ , ਮੁਹੰਮਦ ਅਸਲਮ , ਮੁਹੰਮਦ ਦਿਲਸ਼ਾਦ , ਗੁਰਜੀਤ ਸਿੰਘ , ਗੁਰਬੀਰ ਸਿੰਘ ਆਦਿ ਅਧਿਆਪਕਾਂ ਨੂੰ ਟਰਾਫੀ ਅਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਗੌਤਮ ਵਰਮਾ ਕਲਰਕ ਅਤੇ ਹੋਰ ਨਾਨ ਟੀਚਿੰਗ ਸਟਾਫ ਨੂੰ ਵੀ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *