ਆਧੁਨਿਕ ਜੀਵਨ ਢੰਗ ਤੇ ਮਸ਼ੀਨੀ ਯੁੱਗ ਦੀ ਦੌੜ-ਭੱਜ ਨੇ ਮਨੁੱਖ ਦੇ ਜੀਵਨ ’ਚ ਪ੍ਰਦੂਸ਼ਣ, ਕੁਪੋਸ਼ਣ, ਬਿਮਾਰੀਆਂ ਤੇ ਨਸ਼ਿਆਂ ਦੀ ਭਰਮਾਰ ਵਰਗੀਆਂ ਅਨੇਕਾਂ ਮੁਸੀਬਤਾਂ ਪੈਦਾ ਕੀਤੀਆਂ ਹਨ । ਇਸੇ ਤਰ੍ਹਾਂ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਬਹੁਤ ਗੰਭੀਰ ਹੈ। ਟ੍ਰੈਫਿਕ ਦੀ ਭੀੜ ’ਚ ਖੜ੍ਹੇ ਰਹਿਣ ਕਾਰਨ ਲੋਕਾਂ ਦਾ ਸਮਾਂ ਵਿਅਰਥ ਹੋ ਜਾਂਦਾ ਹੈ । ਭੀੜ ’ਚ ਖੜ੍ਹੇ ਵਾਹਨ ਜਿੱਥੇ ਹਾਰਨ ਵਜਾਉਣ ਨਾਲ ਆਵਾਜ਼ ਦਾ ਪ੍ਰਦੂਸ਼ਣ ਪੈਦਾ ਕਰਦੇ ਹਨ, ਉੱਥੇ ਵਾਹਨਾਂ ’ਚੋਂ ਨਿਕਲ ਰਹੀਆਂ ਜ਼ਹਿਰੀਲੀਆਂ ਗੈਸਾਂ ਹਵਾ ਦਾ ਪ੍ਰਦੂਸ਼ਣ ਫੈਲਾਉਂਦੀਆਂ ਤੇ ਧਰਤੀ ਦੇ ਤਾਪਮਾਨ ’ਚ ਵਾਧਾ ਕਰ ਕੇ ਆਲਮੀ ਤਪਸ਼ ਨੂੰ ਜਨਮ ਦੇ ਰਹੀਆਂ ਹਨ। ਪਰ ਇਹ ਸਮੱਸਿਆ ਕਿਸੇ ਇੱਕ ਦੇਸ਼ ਜਾ ਸ਼ਹਿਰ ਦੀ ਨਹੀਂ ਹੈ ਸੱਗੋਂ ਕਈ ਦੇਸ਼ ਅਤੇ ਸ਼ਹਿਰ ਇਸ ਸਮੱਸਿਆ ਦੇ ਨਾਲ ਜੂਝ ਰਹੇ ਨੇ।
ਜੇਕਰ ਨਿਊਜੀਲੈਂਡ ਦੀ ਗੱਲ ਕਰੀਏ ਤਾਂ ਕੁੱਝ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ‘ਚ ਟ੍ਰੈਫਿਕ ਦੀ ਸਮੱਸਿਆ ਨਾਲ ਟੌਰੰਗਾ ਸ਼ਹਿਰ ਜੂਝ ਰਿਹਾ ਹੈ। ਟੌਰੰਗੇ ਦੀਆਂ ਸੜਕਾਂ ‘ਤੇ ਵਾਹਨਾਂ ਦੀਆਂ ਲਾਈਨਾਂ ਲੋਕਾਂ ਨੂੰ ਤੰਗ ਕਰਦੀਆਂ ਹਨ। ਇੰਨਾਂ ਹੀ ਨਹੀਂ ਸ਼ਹਿਰ ‘ਚ ਕਈ ਸੜਕਾਂ ਅਜਿਹੀਆਂ ਹਨ ਕਿ ਜੇਕਰ ਕੋਈ ਹਾਦਸਾ ਵਾਪਰ ਜਾਵੇ ਤਾਂ ਲੰਬੇ ਜਾਮ ਲੱਗ ਜਾਂਦੇ ਨੇ। ਇੱਕ ਸਰਵੇ ਮੁਤਾਬਿਕ ਟੌਰੰਗਾ ਦੇ 77 ਫੀਸਦੀ, ਆਕਲੈਂਡ ਦੇ 40 ਫੀਸਦੀ, ਵੈਲਿੰਗਟਨ ਦੇ 25 ਫੀਸਦੀ ਤੇ ਕ੍ਰਾਈਸਚਰਚ ਦੇ 19 ਫੀਸਦੀ ਲੋਕ ਟ੍ਰੈਫਿਕ ਦੀ ਸੱਮਸਿਆ ਨੂੰ ਵੱਡੀ ਦਿੱਕਤ ਮੰਨਦੇ ਹਨ।