ਬਾਬਾ ਸੀਪ ਖਿਡਾਵੇ
ਜੋੜ ਬੇਗਮ ‘ਚ ਯੱਕਾ
ਬਾਦਸ਼ਾਹ ਬਣਾਵੇ…
ਸ਼ਨੀਵਾਰ ਨੂੰ ਨਿਊਜ਼ੀਲੈਂਡ ਦੇ ਪਾਪਾਟੋਏਟੋਏ ‘ਚ ਪੰਜਾਬ ਦੀ ਸੱਥ ਵਾਲਾ ਰੰਗ ਦਿਖਿਆ ਜਦੋਂ ਬਾਬਿਆਂ ਨੇ ਨੌਜਵਾਨਾਂ ਨਾਲ ਮਿਲ ਸੀਪ ਲਾਈ। ਦਰਅਸਲ ਇੱਥੇ ਰੇਡੀਓ ਸਾਡੇ ਆਲਾ ਅਤੇ ਐਨ ਜੈਡ ਪੰਜਾਬੀ ਨਿਊਜ਼ ਦੇ ਵੱਲੋਂ ਪਾਪਾਟੋਏਟੇਏ ਵਿਖੇ 5ਵਾਂ ਤਾਸ਼ ਸੀਪ ਮੁਕਾਬਲਾ ਕਰਵਾਇਆ ਗਿਆ ਹੈ। ਮੁਕਾਬਲਿਆਂ ਲਈ ਕੋਈ ਐਂਟਰੀ ਫੀਸ ਵੀ ਨਹੀਂ ਲਈ ਗਈ ਸਗੋਂ ਜਿੱਤਣ ਵਾਲਿਆਂ ਲਈ ਕ੍ਰਮਵਾਰ $400 ਪਹਿਲਾ, $300 ਦੂਜਾ, $200 ਤੀਜਾ ਇਨਾਮ ਦਿੱਤਾ ਗਿਆ। ਮੁਕਾਬਲਿਆਂ ‘ਚ 40 ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚਕਾਰ 20 ਟੀਮਾਂ ਬਣੀਆਂ ਸੀ। ਉੱਥੇ ਹੀ ਜੇਕਰ ਫਾਈਨਲ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਪਹਿਲੇ ਅਤੇ ਦੂਜੇ ਸਥਾਨ ਲਈ ਸ਼ਿੰਦਰਪਾਲ ਸਿੰਘ ਦਲੀਪ ਕੁਮਾਰ ਬਨਾਮ (vs) ਨਿਰਭੈ ਸਿੰਘ ਕਸ਼ਮੀਰ ਸਿੰਘ ਵਿਚਕਾਰ ਮੁਕਾਬਲਾ ਸੀ ਜਦਕਿ ਤੀਜੇ ਸਥਾਨ ਲਈ ਅੰਮ੍ਰਿਤ ਸਿੰਘ, ਗੁਰਦਾਸ ਸਿੰਘ ਮਾਨ ਬਨਾਮ (vs) ਹੈਪੀ/ਸੋਨੂ ਆਹਮੋ ਸਾਹਮਣੇ ਸਨ। ਉੱਥੇ ਹੀ ਪਹਿਲਾਂ ਸਥਾਨ : ਕਸ਼ਮੀਰਾਂ ਸਿੰਘ ਅਤੇ ਨਿਰਭੈ ਸਿੰਘ ਨੇ ਹਾਸਿਲ ਕੀਤਾ ਜਦਕਿ ਦੂਜਾ ਸਥਾਨ : ਛਿੰਦਰ ਪਾਲ ਘਿਰਲਾ ਅਤੇ ਦਲੀਪ ਕੁਮਾਰ ਨੇ ਅਤੇ ਤੀਜਾ ਸਥਾਨ: ਗੁਰਦਾਸ ਮਾਨ ਅਤੇ ਅਮਰੀਕ ਸਿੰਘ ਨੇ ਹਾਸਿਲ ਕੀਤਾ।
ਉੱਥੇ ਹੀ ਜੇਤੂਆਂ ਨੂੰ ਇਨਾਮੀ ਰਾਸ਼ੀ ਦੇ ਤੋਂ ਬਿਨਾਂ ਹਿੱਸਾ ਲੈਣ ਵਾਲੇ ਹਰੇਕ ਖਿਡਾਰੀ ਨੁੰ $25-$25 ਦਾ ਕੁਪਨ ਵੀ ਦਿੱਤਾ ਗਿਆ। ਇੰਨਾਂ ਹੀ ਨਹੀਂ ਇਸ ਮੌਕੇ ਪੰਜਾਬ ਦੇ ਟੂਰਨਾਂਮੈਂਟ ਵਾਂਗ ਰੇਡੀਓ ਸਾਡੇ ਆਲਾ ਵੱਲੋਂ ਖਿਡਾਰੀਆਂ ਤੇ ਦਰਸ਼ਕਾਂ ਲਈ ਚਾਹ, ਪਕੌੜੇ, ਜਲੇਬੀਆਂ ਤੇ ਪੀਜੇ ਦਾ ਲੰਗਰ ਵੀ ਲਗਾਇਆ ਗਿਆ। ਇੰਨਾਂ ਮੁਕਾਬਲਿਆਂ ਨੂੰ ਦੇਖਣ ਦੇ ਲਈ ਵੀ ਦੂਰੋਂ-ਦੂਰੋਂ ਨੌਜਵਾਨ ਤੇ ਬਾਬੇ ਪਹੁੰਚੇ ਸਨ।
ਜ਼ਿਕਰਯੋਗ ਹੈ ਕਿ ਤਾਸ਼ ਪੰਜਾਬ ਦੀਆਂ ਸੱਥਾਂ ਦੀ ਰੌਣਕ ਹੈ। ਟਾਈਮ ਪਾਸ ਲਈ ਤਾਸ਼ ਅਜੇ ਵੀ ਭਾਰਤੀਆਂ ਵਿਚ ਬਹੁਤ ਮਸ਼ਹੂਰ ਹੈ। ਤਾਸ਼ ਖੇਡਣ ਦੇ ਸ਼ੌਕੀਨ ਸਿਰਫ਼ ਇਕੱਠ ਦੀ ਉਡੀਕ ਕਰਦੇ ਹਨ। ਇਸ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੋਬਾਈਲ ਗੇਮਾਂ ‘ਚ ਵੀ ਤਾਸ਼ ਗੇਮਾਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ। ਹਾਲਾਂਕਿ ਤਾਸ਼ ਖੇਡਾਂ ਦੀ ਕੋਈ ਗਿਣਤੀ ਨਹੀਂ ਹੈ ਪਰ ਕੁੱਝ ਖੇਡਾਂ ਜਿਵੇਂ ਸੀਪ, ਰਮੀ, ਚਾਰ ਸੌ ਵੀਹ, ਪੱਤੇ ਤੇ ਪੱਤਾ, ਸਰਾਂ ਬਣਾਉਣਾ ਭਾਰਤ ਵਿਚ ਸਭ ਤੋਂ ਵੱਧ ਪ੍ਰਸਿੱਧ ਹਨ। ਪੰਜਾਬ ਦੇ ਪਿੰਡਾਂ ਦੇ ਬਹੁਤੇ ਲੋਕ ਅਪਣਾ ਵਾਧੂ ਸਮਾਂ ਸੱਥਾਂ ’ਚ ਤਾਸ਼ ਖੇਡ ਕੇ ਬਿਤਾਉਂਦੇ ਹਨ। ਤਾਸ਼ ਖੇਡਣਾ ਜਿਥੇ ਮਨੋਰੰਜਨ ਦਾ ਸਾਧਨ ਹੈ ਉਥੇ ਦਿਮਾਗ਼ੀ ਕਸਰਤ ਲਈ ਵੀ ਕਾਰਗਰ ਹੈ।