ਇੱਕ ਪਾਸੇ ਜਿੱਥੇ ਸਾਰੀਆਂ ਟੀਮਾਂ ਵਿਸ਼ਵ ਕੱਪ 2023 ਦੀਆਂ ਤਿਆਰੀਆਂ ਵਿੱਚ ਰੁੱਝੀਆਂ ਹੋਈਆਂ ਹਨ, ਉੱਥੇ ਹੀ ਦੂਜੇ ਪਾਸੇ ਬੰਗਲਾਦੇਸ਼ ਨੂੰ ਝਟਕਾ ਲੱਗਾ ਹੈ। ਬੰਗਲਾਦੇਸ਼ ਦੇ ਕਪਤਾਨ ਅਤੇ ਉਸ ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ ਸੰਨਿਆਸ ਲੈ ਲਿਆ ਹੈ। ਤਮੀਮ ਇਕਬਾਲ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਸੰਨਿਆਸ ਦਾ ਐਲਾਨ ਕੀਤਾ। ਸੰਨਿਆਸ ਦਾ ਐਲਾਨ ਕਰਦੇ ਹੋਏ ਤਮੀਮ ਕਾਫੀ ਭਾਵੁਕ ਹੋ ਗਏ। ਇਸ ਦੌਰਾਨ ਉਨ੍ਹਾਂ ਨੂੰ ਰੋਂਦਾ ਦੇਖਿਆ ਗਿਆ। ਦੱਸ ਦੇਈਏ ਕਿ ਤਮੀਮ ਇਕਬਾਲ ਬੰਗਲਾਦੇਸ਼ ਦੇ ਸਭ ਤੋਂ ਵੱਡੇ ਬੱਲੇਬਾਜ਼ਾਂ ਵਿੱਚੋਂ ਇੱਕ ਹਨ। ਤਮੀਮ ਨੇ ਟੈਸਟ ਕ੍ਰਿਕਟ ‘ਚ 10 ਸੈਂਕੜਿਆਂ ਦੀ ਮਦਦ ਨਾਲ 5134 ਦੌੜਾਂ ਬਣਾਈਆਂ ਹਨ। ਵਨਡੇ ‘ਚ ਉਨ੍ਹਾਂ ਦੇ ਬੱਲੇ ਤੋਂ 14 ਸੈਂਕੜੇ ਲੱਗੇ ਹਨ ਅਤੇ ਉਨ੍ਹਾਂ ਦੇ ਨਾਂ 8313 ਦੌੜਾਂ ਹਨ, ਟੀ-20 ਕ੍ਰਿਕਟ ‘ਚ ਵੀ ਉਨ੍ਹਾਂ ਨੇ ਇੱਕ ਸੈਂਕੜੇ ਦੇ ਆਧਾਰ ‘ਤੇ 1758 ਦੌੜਾਂ ਬਣਾਈਆਂ ਹਨ। ਤਮੀਮ ਇਕਬਾਲ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਕੁੱਲ 25 ਸੈਂਕੜੇ ਲਗਾਏ ਹਨ।
ਦੱਸ ਦੇਈਏ ਕਿ ਤਮੀਮ ਇਕਬਾਲ ਅਫਗਾਨਿਸਤਾਨ ਖਿਲਾਫ ਚੱਲ ਰਹੀ ਵਨਡੇ ਸੀਰੀਜ਼ ਦੇ ਵਿਚਕਾਰ ਸੰਨਿਆਸ ਲੈ ਚੁੱਕੇ ਹਨ। ਦੋਵਾਂ ਟੀਮਾਂ ਵਿਚਾਲੇ ਬੁੱਧਵਾਰ ਨੂੰ ਹੀ ਚਟੋਗਰਾਮ ‘ਚ ਮੈਚ ਹੋਇਆ ਸੀ, ਜਿਸ ‘ਚ ਅਫਗਾਨਿਸਤਾਨ ਦੀ ਟੀਮ 17 ਦੌੜਾਂ ਨਾਲ ਜਿੱਤ ਗਈ ਸੀ। ਇਸ ਮੈਚ ਦਾ ਫੈਸਲਾ ਡਕਵਰਥ ਲੁਈਸ ਨਿਯਮ ਦੇ ਤਹਿਤ ਆਇਆ। ਬੰਗਲਾਦੇਸ਼ ਦੀ ਇਸ ਹਾਰ ਦੇ 24 ਘੰਟਿਆਂ ਦੇ ਅੰਦਰ ਹੀ ਤਮੀਮ ਇਕਬਾਲ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ।