ਕਰਨਾਲ ਮਹਾਪੰਚਾਇਤ ਦੌਰਾਨ ਚੱਲ ਰਹੀ ਕਿਸਾਨਾਂ ਅਤੇ ਹਰਿਆਣਾ ਸਰਕਾਰ ਦੀ ਮੀਟਿੰਗ ਬੇਸਿੱਟਾ ਰਹੀ ਹੈ। ਇਹ ਕਿਸਾਨਾਂ ਦੀ ਦੂਜੀ ਮਹਾਪੰਚਾਇਤ ਹੈ ਜੋ ਕਰਨਾਲ ਦੇ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਨੂੰ ਲੈ ਕੇ ਰੱਖੀ ਗਈ ਹੈ। ਇਸ ਤੋਂ ਬਾਅਦ ਕਿਸਾਨ ਆਪਣੀ ਮੀਟਿੰਗ ਕਰਕੇ ਅਗਲੀ ਰਣਨੀਤੀ ਤਿਆਰ ਕਰਨਗੇ। ਇਸ ਮੀਟਿੰਗ ਤੋਂ ਬਾਅਦ ਕਿਸਾਨ ਕੋਈ ਵੱਡਾ ਐਲਾਨ ਕਰ ਸਕਦੇ ਹਨ ਕਿਉਂਕਿ ਹਰਿਆਣਾ ਸਰਕਾਰ ਨਾਲ ਕਿਸਾਨਾਂ ਦੀ ਕੋਈ ਸਹਿਮਤੀ ਨਹੀਂ ਬਣੀ |
ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਗੁਰਨਾਮ ਸਿੰਘ ਚੜੂਨੀ, ਬਲਬੀਰ ਸਿੰਘ ਰਾਜੇਵਾਲ, ਰਾਕੇਸ਼ ਟਿਕੈਤ ਅਤੇ ਯੋਗੇਂਦਰ ਯਾਦਵ ਸਮੇਤ 11 ਕਿਸਾਨ ਨੇਤਾਵਾਂ ਦੀ ਗੱਲਬਾਤ ਦਾ ਤੀਜਾ ਦੌਰ ਵੀ ਅਸਫਲ ਰਿਹਾ ਹੈ। ਸਾਰੇ ਕਿਸਾਨ ਆਗੂ ਹੁਣ ਅਨਾਜ ਮੰਡੀ ਵਿੱਚ ਜਾ ਕੇ ਫੈਸਲਾ ਲੈਣਗੇ ਕਿ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕਰਨਾ ਹੈ ਜਾਂ ਨਹੀਂ। ਦਰਅਸਲ ਕਿਸਾਨ ਆਗੂ ਐਸਡੀਐਮ ਆਯੂਸ਼ ਸਿਨਹਾ ਨੂੰ ਮੁਅੱਤਲ ਕਰਕੇ ਕਾਰਵਾਈ ਦੀ ਮੰਗ ਕਰ ਰਹੇ ਸਨ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਕਿਸਾਨ ਆਗੂ ਮੀਟਿੰਗ ਤੋਂ ਬਾਹਰ ਆ ਮਹਾਪੰਚਾਇਤ ਵਾਲੇ ਸਥਾਨ ਵੱਲ ਚਲੇ ਗਏ।
ਇਸ ਤੋਂ ਪਹਿਲਾਂ, ਦੋ ਗੇੜਾਂ ਦੀ ਗੱਲਬਾਤ ਤੋਂ ਬਾਅਦ, ਚੜੂਨੀ-ਟਿਕੈਤ ਸਮੇਤ 11 ਮੈਂਬਰ ਉੱਠੇ ਅਤੇ ਕੁੱਝ ਦੇਰ ਲਈ ਬਾਹਰ ਆ ਗਏ। ਬਾਹਰ ਆਉਣ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਉਹ ਮੰਗ ਨਹੀਂ ਮੰਨ ਰਿਹਾ ਜੋ ਅਸੀਂ ਮੰਗ ਰਹੇ ਹਾਂ ਅਤੇ ਅਸੀਂ ਉਹ ਨਹੀਂ ਮੰਨ ਰਹੇ ਜੋ ਪ੍ਰਸ਼ਾਸਨ ਕਹਿ ਰਿਹਾ ਹੈ। ਪਹਿਲੀ ਗੱਲਬਾਤ ਤੋਂ ਬਾਅਦ ਬ੍ਰੇਕ ਵੀ ਲਿਆ ਗਿਆ। ਜਦੋਂ ਦੂਜੇ ਗੇੜ ਦੀ ਗੱਲਬਾਤ ਤੋਂ ਬਾਅਦ ਵੀ ਜਦ ਗੱਲ ਨਾ ਬਣੀ ਤਾਂ ਸਾਰੇ ਕਿਸਾਨ ਆਗੂ ਉੱਠ ਕੇ ਬਾਹਰ ਆ ਗਏ। ਹਾਲਾਂਕਿ, ਥੋੜ੍ਹੀ ਦੇਰ ਬਾਅਦ, ਪ੍ਰਸ਼ਾਸਨ ਨੇ ਤੀਜੇ ਦੌਰ ਦੀ ਗੱਲਬਾਤ ਲਈ ਕਿਸਾਨ ਆਗੂਆਂ ਨੂੰ ਅੰਦਰ ਬੁਲਾਇਆ। ਹੁਣ ਗੱਲਬਾਤ ਦਾ ਤੀਜਾ ਦੌਰ ਵੀ ਅਸਫਲ ਹੋ ਗਿਆ ਹੈ।