ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਕੁੜੀਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਤਾਲਿਬਾਨ ਦੇ ਸਿੱਖਿਆ ਮੰਤਰਾਲੇ ਨੇ ਹੁਣ ਛੇਵੀਂ ਜਮਾਤ ਅਤੇ ਇਸ ਤੋਂ ਹੇਠਾਂ ਦੀਆਂ ਕੁੜੀਆਂ ਨੂੰ ਸਕੂਲਾਂ ਵਿੱਚ ਪੜ੍ਹਾਈ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਤਾਲਿਬਾਨ ਦੇ ਸਿੱਖਿਆ ਮੰਤਰਾਲੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਅਧਿਕਾਰੀਆਂ ਨੂੰ ਛੇਵੀਂ ਜਮਾਤ ਤੋਂ ਹੇਠਾਂ ਦੀਆਂ ਲੜਕੀਆਂ ਲਈ ਸਕੂਲ ਅਤੇ ਵਿੱਦਿਅਕ ਕੇਂਦਰ ਖੋਲ੍ਹਣ ਲਈ ਕਿਹਾ ਗਿਆ ਹੈ। ਇਸ ‘ਚ ਕਿਹਾ ਗਿਆ ਹੈ ਕਿ ਲੜਕੀਆਂ ਨੂੰ ਸਕੂਲ ਆਉਂਦੇ ਸਮੇਂ ਇਸਲਾਮਿਕ ਡਰੈੱਸ ਕੋਡ ਦਾ ਪਾਲਣ ਕਰਨਾ ਪਏਗਾ।
ਦਰਅਸਲ, ਤਾਲਿਬਾਨ ਨੇ ਅਫਗਾਨਿਸਤਾਨ ‘ਚ ਪਰਤਣ ਤੋਂ ਬਾਅਦ ਔਰਤਾਂ ਦੇ ਅਧਿਕਾਰਾਂ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਸੀ। ਫਿਰ ਇਸ ਨੇ ਲੜਕੀਆਂ ਅਤੇ ਬੱਚੀਆਂ ਦੀ ਪੜ੍ਹਾਈ ‘ਤੇ ਪਾਬੰਦੀ ਲਗਾ ਦਿੱਤੀ ਸੀ। ਤਾਲਿਬਾਨ ਸਰਕਾਰ ਨੇ ਔਰਤਾਂ ਲਈ ਯੂਨੀਵਰਸਿਟੀ ਸਿੱਖਿਆ ‘ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾਉਣ ਦਾ ਫੈਸਲਾ ਵੀ ਕੀਤਾ ਸੀ। ਤਾਲਿਬਾਨ ਦੇ ਇਸ ਫੈਸਲੇ ਦੀ ਦੁਨੀਆ ਭਰ ਵਿੱਚ ਨਿੰਦਾ ਹੋਈ ਸੀ। ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਨੇ ਵੀ ਤਾਲਿਬਾਨ ਦੀ ਆਲੋਚਨਾ ਕੀਤੀ ਅਤੇ ਇਸਨੂੰ ਆਪਣਾ ਆਦੇਸ਼ ਵਾਪਸ ਲੈਣ ਲਈ ਕਿਹਾ। ਹਾਲਾਂਕਿ ਤਾਲਿਬਾਨ ਨੇ ਇਸ ਮਾਮਲੇ ‘ਤੇ ਚੁੱਪ ਧਾਰੀ ਰੱਖੀ ਹੈ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸੱਤਾ ‘ਚ ਵਾਪਸੀ ‘ਤੇ ਤਾਲਿਬਾਨ ਨੇ ਕਿਹਾ ਸੀ ਕਿ ਉਹ ਔਰਤਾਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਕਰੇਗੀ। ਪਰ ਜਲਦੀ ਹੀ ਇਸ ਨੇ ਇਸਲਾਮੀ ਕਾਨੂੰਨ ਲਾਗੂ ਕਰ ਦਿੱਤਾ ਅਤੇ ਫਿਰ ਲੋਕਾਂ ਦੇ ਅਧਿਕਾਰਾਂ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ। ਇਸਨੇ ਲੜਕੀਆਂ ਨੂੰ ਮਿਡਲ ਸਕੂਲ ਅਤੇ ਹਾਈ ਸਕੂਲ ਜਾਣ ‘ਤੇ ਪਾਬੰਦੀ ਲਗਾ ਦਿੱਤੀ, ਔਰਤਾਂ ਨੂੰ ਨੌਕਰੀਆਂ ਤੋਂ ਬਾਹਰ ਕਰਨ ਲਈ ਮਜ਼ਬੂਰ ਕੀਤਾ, ਅਤੇ ਉਨ੍ਹਾਂ ਨੂੰ ਜਨਤਕ ਤੌਰ ‘ਤੇ ਸਿਰ ਤੋਂ ਪੈਰਾਂ ਤੱਕ ਕੱਪੜੇ ਪਹਿਨਣ ਦਾ ਆਦੇਸ਼ ਦਿੱਤਾ। ਔਰਤਾਂ ਨੂੰ ਪਾਰਕਾਂ ਅਤੇ ਜਿੰਮਾਂ ਵਿਚ ਜਾਣ ‘ਤੇ ਵੀ ਪਾਬੰਦੀ ਲਗਾਈ ਗਈ ਸੀ, ਅਤੇ ਕਿਸੇ ਮਰਦ ਰਿਸ਼ਤੇਦਾਰ ਤੋਂ ਬਿਨਾਂ ਯਾਤਰਾ ਕਰਨ ‘ਤੇ ਪਾਬੰਦੀ ਲਗਾਈ ਗਈ ਸੀ।