ਇਸ ਸਾਲ ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਭਾਰਤ ਨੂੰ ਸੋਮਵਾਰ ਨੂੰ ਇੱਕ ਹੋਰ ਕੋਟਾ ਮਿਲ ਗਿਆ ਹੈ। ਭਾਰਤ ਨੂੰ ਇਹ ਕੋਟਾ ਸ਼ਾਟ ਪੁਟ ਵਿੱਚ ਮਿਲਿਆ ਹੈ, ਜਿੱਥੇ ਪੁਰਸ਼ ਖਿਡਾਰੀ ਤੇਜਿੰਦਰ ਪਾਲ ਤੂਰ ਨੇ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਦਿਆਂ ਓਲੰਪਿਕ ਕੁਆਲੀਫਾਈ ਅੰਕ ਪ੍ਰਾਪਤ ਕਰਕੇ ਟੋਕਿਓ ਦੀ ਟਿਕਟ ਹਾਸਿਲ ਕੀਤੀ। ਤੇਜਿੰਦਰ ਨੇ ਇਹ ਕੋਟਾ ਪਟਿਆਲੇ ਵਿੱਚ ਖੇਡੀ ਜਾ ਰਹੀ ਇੰਡੀਅਨ ਗ੍ਰਾਂ ਪ੍ਰੀ ਵਿੱਚ ਹਾਸਿਲ ਕੀਤਾ ਹੈ।
ਤੇਜਿੰਦਰ ਪਾਲ ਤੂਰ ਨੇ 21.49 ਮੀਟਰ ਦੇ ਸ਼ਾਟ ਪੁਟ ਥ੍ਰੋ ਨਾਲ ਆਪਣਾ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ ਜੋ 20.92 ਮੀਟਰ ਸੀ। ਉਸ ਨੇ ਇਹ ਰਿਕਾਰਡ 2019 ਵਿੱਚ ਬਣਾਇਆ ਸੀ। ਇਸ ਦੇ ਨਾਲ ਹੀ ਦੀ ਕੁਆਲੀਫਾਈ ਅੰਕ ਵੀ ਪ੍ਰਾਪਤ ਕੀਤੇ। ਓਲੰਪਿਕ ਲਈ ਕੁਆਲੀਫਾਈ ਮਾਰਕ 21.10 ਮੀਟਰ ਹੈ। ਤੂਰ ਨੇ ਇਹ ਨਿਸ਼ਾਨ ਦੋ ਵਾਰ ਪਾਰ ਕੀਤਾ ਸੀ। ਤੇਜਿੰਦਰ ਨੇ ਰਾਸ਼ਟਰੀ ਰਿਕਾਰਡ ਤੋੜਨ ਤੋਂ ਬਾਅਦ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਸਫਲਤਾ ਇੱਕ ਸੰਘਰਸ਼ ਤੋਂ ਬਾਅਦ ਮਿਲੀ ਹੈ। ਕੋਟਾ ਮਿਲਣ ਤੋਂ ਬਾਅਦ ਤੇਜਿੰਦਰ ਨੇ ਕਿਹਾ, “ਕੋਵਿਡ ਕਾਰਨ ਇਹ ਬਹੁਤ ਮੁਸ਼ਕਿਲ ਸੀ, ਮੈਨੂੰ ਇੱਕ ਫ੍ਰੈਕਚਰ ਵੀ ਹੋ ਗਿਆ ਸੀ। ਮੇਰਾ ਟੀਚਾ 21.50 ਮੀਟਰ ਸੀ ਅਤੇ ਮੈਂ ਪਹਿਲੇ ਥ੍ਰੋ ਵਿੱਚ 21.49 ਪ੍ਰਾਪਤ ਕੀਤਾ। ਅਜੇ ਬਹੁਤ ਲੰਮਾ ਰਸਤਾ ਹੈ ਅਤੇ ਮੇਰਾ ਟੀਚਾ 22 ਮੀਟਰ ਹੈ। ਮੈਂ ਓਲੰਪਿਕ ਲਈ ਕੁਆਲੀਫਾਈ ਕਰ ਕੇ ਖੁਸ਼ ਹਾਂ ਅਤੇ ਮੈਂ ਇਸ ਟੂਰਨਾਮੈਂਟ ਦੇ ਆਯੋਜਨ ਲਈ ਏਐਫਆਈ ਦਾ ਧੰਨਵਾਦ ਕਰਦਾ ਹਾਂ।”
ਤੇਜਿੰਦਰ ਨੇ ਸਾਲ 2018 ਵਿੱਚ ਜਕਾਰਤਾ ਵਿੱਚ ਆਯੋਜਿਤ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਉਦੋਂ ਤੋਂ ਹੀ ਉਹ ਸੁਰਖੀਆਂ ਵਿੱਚ ਆ ਗਿਆ ਸੀ। ਇਸਤੋਂ ਪਹਿਲਾਂ ਉਸਨੇ ਭੁਵਨੇਸ਼ਵਰ ਵਿੱਚ ਆਯੋਜਿਤ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸੇ ਮੁਕਾਬਲੇ ਦੇ ਅਗਲੇ ਐਡੀਸ਼ਨ ਵਿੱਚ, ਜੋ ਕਿ ਦੋਹਾ ਵਿੱਚ 2019 ਵਿੱਚ ਆਯੋਜਿਤ ਕੀਤਾ ਗਿਆ ਸੀ, ਵਿੱਚ ਤਜਿੰਦਰ ਨੇ ਸੋਨ ਤਗਮਾ ਜਿੱਤਿਆ ਸੀ। ਦੱਸ ਦੇਈਏ ਕਿ ਤਜਿੰਦਰਪਾਲ ਸਿੰਘ ਤੂਰ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਦਾ ਰਹਿਣ ਵਾਲਾ ਹੈ। ਉਸ ਨੇ ਆਪਣੇ ਪਿਤਾ ਦੇ ਕਹਿਣ ‘ਤੇ ਸ਼ਾਟ ਪੁੱਟ ਨੂੰ ਅਪਣਾਇਆ ਸੀ। ਉਸ ਦੇ ਚਾਚਾ ਜੀ ਨੇ ਉਸ ਨੂੰ ਸ਼ੁਰੂਆਤ ਵਿੱਚ ਸਿਖਲਾਈ ਦਿੱਤੀ ਸੀ।