ਆਈਸੀਸੀ ਟੀ-20 ਵਿਸ਼ਵ ਕੱਪ 2021 ਵਿੱਚ ਆਪਣੇ ਵਿਰੋਧੀ ਭਾਰਤ ਨੂੰ ਹਰਾਉਣ ਤੋਂ ਬਾਅਦ, ਪਾਕਿਸਤਾਨ ਕ੍ਰਿਕਟ ਟੀਮ ਦਾ ਸਾਹਮਣਾ ਅੱਜ ਨਿਊਜ਼ੀਲੈਂਡ ਨਾਲ ਹੈ। ਦੋਵੇਂ ਟੀਮਾਂ ਮੰਗਲਵਾਰ ਨੂੰ ਯਾਨੀ ਕਿ 26 ਅਕਤੂਬਰ ਨੂੰ ਯੂਏਈ ਦੇ ਸ਼ਾਰਜਾਹ ਕ੍ਰਿਕਟ ਸਟੇਡੀਅਮ ‘ਚ ਆਹਮੋ-ਸਾਹਮਣੇ ਹੋਣਗੀਆਂ। ਪਾਕਿਸਤਾਨ ਦੀ ਟੀਮ ਨਿਊਜ਼ੀਲੈਂਡ ਦੇ ਖਿਲਾਫ ਭਾਰਤ ਖਿਲਾਫ ਮਿਲੀ ਜਿੱਤ ਦੇ ਸਿਲਸਿਲੇ ਨੂੰ ਅੱਗੇ ਵਧਾਉਣਾ ਚਾਹੇਗੀ। ਇਸ ਤੋਂ ਇਲਾਵਾ ਪਾਕਿਸਤਾਨੀ ਟੀਮ ਨਿਊਜ਼ੀਲੈਂਡ ਤੋਂ ਉਸ ‘ਬੇਇੱਜ਼ਤੀ’ ਦਾ ਬਦਲਾ ਵੀ ਲੈਣਾ ਚਾਹੇਗੀ ਜਦੋਂ ਕੀਵੀ ਟੀਮ ਨੇ ਟੀ-20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਪਾਕਿਸਤਾਨ ‘ਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ।
ਨਿਊਜ਼ੀਲੈਂਡ ਦੀ ਟੀਮ ਨੇ ਇਸ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਸੀ ਪਰ ਪਾਕਿਸਤਾਨ ਕ੍ਰਿਕਟ ਬੋਰਡ ਨਿਊਜ਼ੀਲੈਂਡ ਦੇ ਇਸ ਫੈਸਲੇ ਤੋਂ ਕਾਫੀ ਨਿਰਾਸ਼ ਸੀ। ਇੰਨਾ ਹੀ ਨਹੀਂ ਪਾਕਿਸਤਾਨ ਦੇ ਕਈ ਸਾਬਕਾ ਕ੍ਰਿਕਟਰਾਂ ਨੇ ਵੀ ਨਿਰਾਸ਼ਾ ਜ਼ਾਹਿਰ ਕੀਤੀ ਅਤੇ ਨਿਊਜ਼ੀਲੈਂਡ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਸੀ। ਉਦੋਂ ਤੋਂ ਇਹ ਮੈਚ ਪ੍ਰਸ਼ੰਸਕਾਂ ਅਤੇ ਪੀਸੀਬੀ ਲਈ ਬਹੁਤ ਮਹੱਤਵਪੂਰਨ ਬਣ ਗਿਆ ਹੈ।
ਪਿਛਲੇ ਮਹੀਨੇ ਪਾਕਿਸਤਾਨ ਕ੍ਰਿਕਟ ਬੋਰਡ ‘ਚ ਬਦਲਾਅ, ਅਸਤੀਫੇ ਅਤੇ ਕੌਮਾਂਤਰੀ ਕ੍ਰਿਕਟ ਖੇਡਣ ਦਾ ਮੌਕਾ ਨਾ ਮਿਲਣ ਦੇ ਬਾਵਜੂਦ ਪਾਕਿਸਤਾਨੀ ਖਿਡਾਰੀਆਂ ਨੇ ਭਾਰਤ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੇ ਬੱਲੇਬਾਜ਼ੀ ਦਾ ਹੁਨਰ ਦਿਖਾਇਆ ਜਿਸ ਨਾਲ ਫਖਰ ਜ਼ਮਾਨ, ਮੁਹੰਮਦ ਹਫੀਜ਼ ਅਤੇ ਸ਼ੋਏਬ ਮਲਿਕ ਵਰਗੇ ਸੀਨੀਅਰ ਬੱਲੇਬਾਜ਼ਾਂ ਨੂੰ ਖੇਡਣ ਦੀ ਲੋੜ ਹੀ ਨਹੀਂ ਪਈ। ਪਾਕਿ ਕੋਲ ਗੇਂਦਬਾਜ਼ੀ ਵਿੱਚ ਵੀ ਬਹੁਤ ਸਾਰੇ ਵਿਕਲਪ ਹਨ। ਦੂਜੇ ਪਾਸੇ ਨਿਊਜ਼ੀਲੈਂਡ ਦੀ ਟੀਮ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਅਭਿਆਸ ਮੈਚਾਂ ਵਿੱਚ ਆਸਟ੍ਰੇਲੀਆ ਅਤੇ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੂਹਣੀ ਦੇ ਦਰਦ ਨਾਲ ਜੂਝ ਰਹੇ ਕਪਤਾਨ ਕੇਨ ਵਿਲੀਸਨ ਦੀ ਫਿਟਨੈੱਸ ਵੀ ਚਿੰਤਾ ਦਾ ਵਿਸ਼ਾ ਹੈ। ਨਿਊਜ਼ੀਲੈਂਡ ਕੋਲ ਸ਼ਾਨਦਾਰ ਗੇਂਦਬਾਜ਼ੀ ਅਟੈਕ ਹੈ ਪਰ ਬੱਲੇਬਾਜ਼ਾਂ ਨੂੰ ਵੀ ਦੌੜਾਂ ਬਣਾਉਣੀਆਂ ਪੈਣਗੀਆਂ।