ਭਾਰਤ ਨੂੰ ਟੀ-20 ਵਿਸ਼ਵ ਕੱਪ ਦੇ ਦੂਜੇ ਮੈਚ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੁਬਈ ਵਿੱਚ ਖੇਡੇ ਗਏ ਮੈਚ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸੱਤ ਵਿਕਟਾਂ ‘ਤੇ 110 ਦੌੜਾਂ ਬਣਾਈਆਂ ਸਨ। ਜਵਾਬ ‘ਚ ਨਿਊਜ਼ੀਲੈਂਡ ਨੇ 13.4 ਓਵਰਾਂ ‘ਚ ਦੋ ਵਿਕਟਾਂ ਦੇ ਨੁਕਸਾਨ ‘ਤੇ 111 ਦੌੜਾਂ ਬਣਾਈਆਂ। ਉੱਥੇ ਹੀ ਭਾਰਤ ਨੇ 18 ਸਾਲਾਂ ਬਾਅਦ ICC ਟੂਰਨਾਮੈਂਟ ‘ਚ ਨਿਊਜ਼ੀਲੈਂਡ ਨੂੰ ਹਰਾਉਣ ਦਾ ਮੌਕਾ ਵੀ ਗਵਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੂੰ ਪਹਿਲੇ ਮੈਚ ‘ਚ ਪਾਕਿਸਤਾਨ ਹੱਥੋਂ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਦੂਜੀ ਹਾਰ ਦੇ ਨਾਲ ਹੀ ਭਾਰਤੀ ਟੀਮ ਆਪਣੇ ਦਮ ‘ਤੇ ਸੈਮੀਫਾਈਨਲ ‘ਚ ਨਹੀਂ ਪਹੁੰਚ ਸਕੇਗੀ। ਇਸ ਦੇ ਲਈ ਹੁਣ ਟੀਮ ਇੰਡੀਆ ਨੂੰ ਦੂਜੀਆਂ ਟੀਮਾਂ ਦੇ ਨਤੀਜਿਆਂ ‘ਤੇ ਨਿਰਭਰ ਰਹਿਣਾ ਪਏਗਾ। ਹੁਣ ਵਿਰਾਟ ਬ੍ਰਿਗੇਡ ਦਾ ਅਗਲਾ ਮੈਚ 3 ਨਵੰਬਰ ਨੂੰ ਅਫਗਾਨਿਸਤਾਨ ਨਾਲ ਹੋਣਾ ਹੈ।