2021 ਟੀ-20 ਵਿਸ਼ਵ ਕੱਪ ‘ਚ ਸ਼ੁੱਕਰਵਾਰ ਨੂੰ ਦੂਜਾ ਮੈਚ ਭਾਰਤ ਅਤੇ ਸਕਾਟਲੈਂਡ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਸੈਮੀਫਾਈਨਲ ‘ਚ ਪਹੁੰਚਣ ਦੀਆਂ ਸੰਭਾਵਨਾਵਾਂ ਦੂਜੀਆਂ ਟੀਮਾਂ ਦੇ ਪ੍ਰਦਰਸ਼ਨ ‘ਤੇ ਨਿਰਭਰ ਹੋਣ ਦੇ ਬਾਵਜੂਦ ਟੀਮ ਇੰਡੀਆ ਨੂੰ ਇਹ ਮੈਚ ਵੱਡੇ ਫਰਕ ਨਾਲ ਜਿੱਤਣਾ ਪਏਗਾ। ਭਾਰਤ ਲਈ ਇਹ ਮੈਚ ਜਿੱਤਣਾ ਬਹੁਤ ਮਹੱਤਵਪੂਰਨ ਹੈ। ਭਾਰਤ ਨੂੰ ਹੁਣ ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਆਪਣੇ ਸਾਰੇ ਮੈਚ ਜਿੱਤਣੇ ਹੋਣਗੇ।
ਦੁਬਈ ਇੰਟਰਨੈਸ਼ਨਲ ਸਟੇਡੀਅਮ ਦੀ ਪਿੱਚ ਅੱਜ ਗੇਂਦਬਾਜ਼ਾਂ ਦੀ ਮਦਦ ਕਰ ਸਕਦੀ ਹੈ, ਖਾਸ ਕਰਕੇ ਪਹਿਲੀ ਪਾਰੀ ਵਿੱਚ। ਸ਼ੁਰੂਆਤ ‘ਚ ਗੇਂਦਬਾਜ਼ਾਂ ਨੂੰ ਪਿੱਚ ਤੋਂ ਸਵਿੰਗ ਮਿਲੇਗੀ। ਅਜਿਹੇ ‘ਚ ਇਸ ਮੈਚ ‘ਚ ਟਾਸ ਜਿੱਤਣ ਵਾਲਾ ਕਪਤਾਨ ਪਹਿਲਾਂ ਗੇਂਦਬਾਜ਼ੀ ਕਰਨ ਨੂੰ ਤਰਜੀਹ ਦੇਵੇਗਾ। ਇਸ ਮੈਚ ‘ਚ ਟਾਸ ਅਹਿਮ ਭੂਮਿਕਾ ਨਿਭਾ ਸਕਦਾ ਹੈ। ਆਪਣੇ ਪਹਿਲੇ ਦੋ ਮੈਚ ਹਾਰਨ ਤੋਂ ਬਾਅਦ ਟੀਮ ਇੰਡੀਆ ਨੇ ਅਫਗਾਨਿਸਤਾਨ ਖਿਲਾਫ ਖੇਡੇ ਗਏ ਤੀਜੇ ਮੈਚ ‘ਚ ਸ਼ਾਨਦਾਰ ਵਾਪਸੀ ਕੀਤੀ ਹੈ। ਟੀਮ ਨੇ ਅਫਗਾਨਿਸਤਾਨ ਖਿਲਾਫ ਮੈਚ 66 ਦੌੜਾਂ ਨਾਲ ਜਿੱਤ ਕੇ ਸੈਮੀਫਾਈਨਲ ‘ਚ ਪਹੁੰਚਣ ਦੀ ਉਮੀਦ ਬਰਕਰਾਰ ਰੱਖੀ। ਦੂਜੇ ਪਾਸੇ ਸਕਾਟਲੈਂਡ ਦੀ ਗੱਲ ਕਰੀਏ ਤਾਂ ਉਹ ਸੁਪਰ 12 ‘ਚ ਹੁਣ ਤੱਕ ਆਪਣੇ ਸਾਰੇ ਮੈਚ ਹਾਰ ਕੇ ਅੰਕ ਸੂਚੀ ‘ਚ ਸਭ ਤੋਂ ਹੇਠਲੇ ਸਥਾਨ ‘ਤੇ ਹੈ।