ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਕਿਤੇ ਮਨੁੱਖਤਾ ਉੱਤੇ ਕੋਈ ਮੁਸੀਬਤ ਆਈ ਹੈ, ਤਾਂ ਸਿੱਖ ਕੌਮ ਨੇ ਹਮੇਸ਼ਾ ਅੱਗੇ ਵੱਧ ਕਿ ਰਾਹਤ ਕਾਰਜਾਂ ਵਿੱਚ ਆਪਣੀ ਗਿਣਤੀ ਅਤੇ ਅਨੁਪਾਤ ਤੋਂ ਵੱਧ ਕੇ ਯੋਗਦਾਨ ਪਾਇਆ ਹੈ। ਇਸੇ ਤਰਾਂ ਪਿਛਲੇ ਸਾਲ ਆਈ ਕੋਰੋਨਾ ਮਹਾਂਮਾਰੀ ਦੌਰਾਨ ਵੀ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਨੇ ਆਪਣੀ ਸਮਰੱਥਾ ਅਨੁਸਾਰ ਹਰ ਵਰਗ ਦੀ ਸਹਾਇਤਾ ਕੀਤੀ ਹੈ। ਮਹਾਮਾਰੀ ਦੌਰਾਨ ਸਿੱਖਾਂ ਵੱਲੋ ਕੀਤੀ ਗਈ ਸੇਵਾ ਦੀ ਹਰ ਦੇਸ਼ ਦੇ ਨੁਮਾਇੰਦਿਆਂ ਨੇ ਸ਼ਲਾਘਾ ਕੀਤੀ ਹੈ। ਇਸ ਵਿਚਕਾਰ ਹੁਣ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਅਤੇ ਪੰਜਾਬੀਆਂ ਦਾ ਮਾਣ ਵਧਾਉਣ ਵਾਲੀ ਇੱਕ ਖਬਰ ਨਿਊਜ਼ੀਲੈਂਡ ਤੋਂ ਆਈ ਹੈ। ਇਸ ਵਾਰ ਪੰਜਾਬੀਆਂ ਅਤੇ ਸਿੱਖਾਂ ਦਾ ਮਾਣ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੇ ਵਧਾਇਆ ਹੈ।
ਦਰਅਸਲ ਨਿਊਜ਼ੀਲੈਂਡ ਵਿੱਚ ਵੱਖ-ਵੱਖ ਖੇਤਰਾਂ ‘ਚ ਅਹਿਮ ਯੋਗਦਾਨ ਪਾਉਣ ਵਾਲੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੂੰ ਦੇਸ਼ ਦੀਆਂ ਪਹਿਲੀਆਂ 10 ਸੰਸਥਾਵਾਂ ‘ਚ ਸ਼ਾਮਿਲ ਕੀਤਾ ਗਿਆ ਹੈ। ਕੀਵੀ ਬੈਂਕ ਦੇ ਸਲਾਨਾ ਐਵਾਰਡ ਲਈ ਇੱਕ ਹਜ਼ਾਰ ਅਰਜ਼ੀਆਂ ਪੁੱਜੀਆਂ ਸਨ। ਜਿਨ੍ਹਾਂ ਵਿੱਚੋਂ ਸੈਮੀਫਾਈਨਲ ਦੇ ਲਈ 10 ਸੰਸਥਾਵਾਂ ਦੇ ਨਾਮ ਚੁਣੇ ਗਏ ਹਨ। ਹਾਲਾਂਕਿ ਇਨ੍ਹਾਂ ਦਸਾਂ ਨਾਵਾਂ ਚੋਂ ਵੀ ਪਹਿਲੇ ਤਿੰਨ ਨਾਮ ਅਗਲੇ ਸਾਲ ਫ਼ਰਵਰੀ ‘ਚ ਵਿਚਾਰੇ ਜਾਣਗੇ। ਕੀਵੀ ਬੈਂਕ ਦੇ ਇਸ ਐਵਾਰਡ ਲਈ ਕਿਸੇ ਨਾਨ-ਇੰਡੀਅਨ ਨੇ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦਾ ਨਾਮ ਭੇਜਿਆ ਸੀ। ਜਿਸ ਤੋਂ ਬਾਅਦ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੂੰ ਸੈਮੀਫਾਈਨਲ ਦੇ ਲਈ ਸਿਲੈਕਟ ਕੀਤਾ ਗਿਆ ਹੈ।
ਦੱਸ ਦੇਈਏ ਕਿ ਹਰ ਸਾਲ ਵੱਖ-ਵੱਖ ਖੇਤਰਾਂ ‘ਚ ਸੇਵਾ ਨਿਭਾਉਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕਰਨ ਵਾਲੀ ਕੀਵੀ ਬੈਂਕ ਨੇ ਇਸ ਚੋਣ ਸਬੰਧੀ ਸਿੱਖ ਸੁਸਾਇਟੀ ਵੱਲੋਂ ਲੌਕਡਾਊਨ ਦੌਰਾਨ ਹਜ਼ਾਰਾਂ ਲੋੜਵੰਦ ਲੋਕਾਂ ਨੂੰ ਭੋਜਨ ਮੁਹੱਈਆ ਕਰਾਉਣ, ਸਿੱਖ ਹੈਰੀਟੇਜ ਸਕੂਲ,ਚਾਈਲਡਜ ਚੁਆਇਸ ਪ੍ਰੀ-ਸਕੂਲ ਅਤੇ ਸਿੱਖ ਸਪੋਰਟਸ ਕੰਪਲੈਕਸ ਦੀ ਸਥਾਪਨਾ ਕੀਤੇ ਜਾਣ ਦੀ ਪ੍ਰਸੰਸਾ ਕੀਤੀ ਹੈ ਕਿ ਅਜਿਹੀਆਂ ਸਹੂਲਤਾਂ ਨਾਲ ਸਥਾਨਕ ਭਾਈਚਾਰੇ ਨੂੰ ਬਹੁਤ ਫਾਇਦਾ ਹੋਇਆ ਹੈ। ਸੁਸਾਇਟੀ ਦੇ ਵਲੰਟੀਅਰਜ ਨੂੰ ਵੀ ਸਲਾਹਿਆ ਹੈ ਜਿਨ੍ਹਾਂ ਨੇ ਲੌਕਡਾਊਨ ਦੌਰਾਨ ਅਣਥੱਕ ਸੇਵਾਵਾਂ ਨਿਭਾਉਂਦਿਆਂ ਹਰ ਧਰਮ, ਨਸਲ ਅਤੇ ਸੱਭਿਆਚਾਰ ਨਾਲ ਸਬੰਧਿਤ ਲੋੜਵੰਦਾਂ ਲਈ ਦਰ ਹਰ ਵੇਲੇ ਖੋਲ੍ਹ ਕੇ ਰੱਖੇ ਹਨ। ਕੀਵੀ ਬੈਂਕ ਨੇ ਇਸ ਗੱਲ ‘ਤੇ ਵੀ ਤਸੱਲੀ ਪ੍ਰਗਟ ਕੀਤੀ ਹੈ ਕਿ ਸੁਸਾਇਟੀ ਦੀ ਦੂਰਦਰਸ਼ੀ ਸੋਚ ਅਤੇ ਪ੍ਰਾਪਤੀਆਂ ਨਾਲ ਟਾਕਾਨਿਨੀ ‘ਚ ਚੰਗਾ ਅਸਰ ਪਿਆ ਹੈ।
ਸੁਪਰੀਮ ਸਿੱਖ ਸੁਸਾਇਟੀ ਦੀ ਦਫ਼ਤਰ ਮੈਨੇਜਰ ਸਰਬਜੀਤ ਕੌਰ ਨੇ ਇੱਕ ਬਿਆਨ ‘ਚ ਕਿਹਾ ਕਿ ਐਵਾਰਡ ਬਾਰੇ ਸੁਸਾਇਟੀ ਦੇ ਕਿਸੇ ਵੀ ਮੈਂਬਰ ਨੇ ਅਪਲਾਈ ਨਹੀਂ ਕੀਤਾ ਸੀ, ਪਰ ਜਦੋਂ ਕੀਵੀ ਬੈਂਕ ਵੱਲੋਂ ਵਧਾਈਆਂ ਭਰੀ ਈਮੇਲ ਆਈ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਹੈ ਕਿ ਸੁਸਾਇਟੀ ਦਾ ਨਾਂ ਪਹਿਲੀਆਂ 10 ਸੰਸਥਾਵਾਂ ‘ਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖਾਂ ਅਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।
2022 SEMI-FINALISTS
1.DIGNITY
2.ENERGISE ŌTAKI
3.MATAKAOA COMMUNITY
4.NEW ZEALAND FALCONS
5.TE RARAWA NOHO TAIAO GROUP
6.PARA KORE MARAE
7.PERFECTLY IMPERFECT CHARITABLE TRUST
8.SOLDIERS RD – TAANIKO AND VIENNA NORDSTROM
9.SUPREME SIKH SOCIETY OF NEW ZEALAND
10.THE POLYNESIAN PANTHER PARTY