ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਕਿਤੇ ਮਨੁੱਖਤਾ ਉੱਤੇ ਕੋਈ ਮੁਸੀਬਤ ਆਈ ਹੈ, ਤਾਂ ਸਿੱਖ ਕੌਮ ਨੇ ਹਮੇਸ਼ਾ ਅੱਗੇ ਵੱਧ ਕਿ ਰਾਹਤ ਕਾਰਜਾਂ ਵਿੱਚ ਆਪਣੀ ਗਿਣਤੀ ਅਤੇ ਅਨੁਪਾਤ ਤੋਂ ਵੱਧ ਕੇ ਯੋਗਦਾਨ ਪਾਇਆ ਹੈ। ਨਿਊਜ਼ੀਲੈਂਡ ਦੀ ਜੇਕਰ ਗੱਲ ਕਰੀਏ ਤਾ ਇੱਥੇ ਸਿੱਖਾਂ ਦੀ ਨਿਊਜ਼ੀਲੈਂਡ ‘ਚ ਸਿਰਮੌਰ ਜੱਥੇਬੰਦੀ ਸੁਪਰੀਮ ਸਿੱਖ ਸੁਸਾਇਟੀ ਨੇ ਨਾ ਸਿਰਫ ਸਿੱਖ ਭਾਈਚਾਰੇ ਦੀ ਭਲਾਈ ਲਈ ਬਲਕਿ ਦੂਜੇ ਭਾਈਚਾਰਿਆਂ ਦੀ ਭਲਾਈ ਦੇ ਕੰਮਾਂ ਲਈ ਹਰ ਬਣਦਾ ਯੋਗਦਾਨ ਪਾਇਆ ਹੈ। ਇਹੀ ਕਾਰਨ ਹੈ ਕਿ ਸੁਪਰੀਮ ਸਿੱਖ ਸੁਸਾਇਟੀ ਨੂੰ ਸਮੇਂ-ਸਮੇਂ ‘ਤੇ ਵੱਖੋ-ਵੱਖ ਸਨਮਾਨਾਂ ਨਾਲ ਨਵਾਜਿਆ ਜਾਂਦਾ ਰਿਹਾ ਹੈ। ਇਸ ਵਿਚਕਾਰ ਹੁਣ ਇੱਕ ਵਾਰ ਫਿਰ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੇ ਸਿੱਖਾਂ ਅਤੇ ਪੰਜਾਬੀਆਂ ਦਾ ਮਾਣ ਵਧਾਇਆ ਹੈ।
ਨਿਊਜ਼ੀਲੈਂਡ ਵਿੱਚ ਵੱਖ-ਵੱਖ ਖੇਤਰਾਂ ‘ਚ ਅਹਿਮ ਯੋਗਦਾਨ ਪਾਉਣ ਵਾਲੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੂੰ ਹੁਣ ਕੀਵੀਬੈਂਕ ਨਿਊਜ਼ੀਲੈਂਡਰ ਆਫ ਦ ਈਯਰ ਅਵਾਰਡ ‘ਚ ਮਾਈਟਰ 10 ਨਿਊਜ਼ੀਲੈਂਡ ਕਮਿਊਨਿਟੀ ਆਫ ਦ ਈਯਰ ਅਵਾਰਡ ਨਾਲ ਸਨਮਾਨਿਆ ਗਿਆ ਹੈ। ਇਹ ਅਵਾਰਡ ਸੁਸਾਇਟੀ ਵੱਲੋਂ ਸਾਈਕਲੋਨ ਗੈਬਰੀਅਲ ਮੌਕੇ ਸਮੂਹ ਭਾਈਚਾਰਿਆਂ ਦੀ ਕੀਤੀ ਅਥਾਹ ਮੱਦਦ ਲਈ ਦਿੱਤਾ ਗਿਆ ਹੈ।