ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਕਿਤੇ ਮਨੁੱਖਤਾ ਉੱਤੇ ਕੋਈ ਮੁਸੀਬਤ ਆਈ ਹੈ, ਤਾਂ ਸਿੱਖ ਕੌਮ ਨੇ ਹਮੇਸ਼ਾ ਅੱਗੇ ਵੱਧ ਕਿ ਰਾਹਤ ਕਾਰਜਾਂ ਵਿੱਚ ਆਪਣੀ ਗਿਣਤੀ ਅਤੇ ਅਨੁਪਾਤ ਤੋਂ ਵੱਧ ਕੇ ਯੋਗਦਾਨ ਪਾਇਆ ਹੈ। ਇਸ ਦੌਰਾਨ ਹੁਣ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਅਤੇ ਪੰਜਾਬੀਆਂ ਦਾ ਮਾਣ ਵਧਾਉਣ ਵਾਲੀ ਇੱਕ ਖਬਰ ਨਿਊਜ਼ੀਲੈਂਡ ਤੋਂ ਆਈ ਹੈ। ਇਸ ਵਾਰ ਫਿਰ ਪੰਜਾਬੀਆਂ ਅਤੇ ਸਿੱਖਾਂ ਦਾ ਮਾਣ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੇ ਵਧਾਇਆ ਹੈ।
ਦਰਅਸਲ ਸੁਪਰੀਮ ਸਿੱਖ ਸੁਸਾਇਟੀ ਨੇ ਸਲਾਨਾ ਇੰਡੀਅਨ ਨਿਊਜ਼ ਲਿੰਕ ਬਿਜਨੈਸ ਅਵਾਰਡ ਵਿੱਚ ‘ਕਮੇਮੋਰੇਸ਼ਨ ਅਵਾਰਡ’ ਹਾਸਿਲ ਕੀਤਾ ਹੈ। ਇਹ ਸਨਮਾਨ ਸੁਸਾਇਟੀ ਦੀ ਯੂਥ ਟੀਮ ਨੂੰ ਸਨਮਾਨਯੋਗ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਤੇ ਵਿਰੋਧੀ ਧਿਰ ਦੇ ਨੇਤਾ ਕ੍ਰਿਸ ਹਿਪਕਿਨਸ ਵੱਲੋਂ ਸਾਂਝੇ ਤੌਰ ‘ਤੇ ਸੌਂਪਿਆ ਗਿਆ। ਪੁਰਸਕਾਰ ਸਮਾਰੋਹ ਵਿੱਚ ਪੁਲਿਸ ਕਮਿਸ਼ਨਰ ਰਿਚਰਡ ਚੈਂਬਰਜ਼, ਵੱਖ-ਵੱਖ ਮੰਤਰੀਆਂ, ਸੰਸਦ ਮੈਂਬਰਾਂ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸਮੇਤ ਕਈ ਨਾਮਵਰ ਸ਼ਖਸੀਅਤਾਂ ਵੀ ਮੌਜੂਦ ਰਹੀਆਂ। ਸੁਸਾਇਟੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ, “ਇਹ ਸਮਾਗਮ ਕਮਿਊਨਿਟੀ ਦੀਆਂ ਪ੍ਰਾਪਤੀਆਂ ਦਾ ਜਸ਼ਨ ਸੀ ਅਤੇ ਸੁਸਾਇਟੀ ਨੂੰ ਅਜਿਹੀ ਪ੍ਰਸ਼ੰਸਾ ਪ੍ਰਾਪਤ ਕਰਨ ‘ਤੇ ਮਾਣ ਹੈ, ਜੋ ਨਿਊਜ਼ੀਲੈਂਡ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਦੀ ਸੇਵਾ ਕਰਨ ਲਈ ਸਮਰਪਿਤ ਮੈਂਬਰਾਂ ਦੇ ਯਤਨਾਂ ਨੂੰ ਹੋਰ ਉਜਾਗਰ ਕਰਦਾ ਹੈ। ਸੁਸਾਇਟੀ ਦੀ ਨੌਜਵਾਨ ਟੀਮ, ਸੇਵਾ ਅਤੇ ਅਗਵਾਈ ਦੀ ਭਾਵਨਾ ਨੂੰ ਰੂਪਮਾਨ ਕਰਦੀ ਹੋਈ, ਨਿਊਜ਼ੀਲੈਂਡ ਵਾਸੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ।”