ਫਿਲਮ ਐਕਟਰ ਸੰਨੀ ਦਿਓਲ ਨੇ ਜਦੋਂ ਸਾਲ 2019 ‘ਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ, ਤਾਂ ਸੰਨੀ ‘ਚ ਅਸਲੀ ਹੀਰੋ ਦੇਖਣ ਵਾਲੇ ਲੋਕਾਂ ਦੀ ਵੱਡੀ ਗਿਣਤੀ ਸੀ। ਸੰਨੀ ਨੇ ਸਾਲ 2019 ਦੀਆਂ ਚੋਣਾਂ ਵਿੱਚ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਆਪਣੀ ਕਿਸਮਤ ਅਜ਼ਮਾਈ ਅਤੇ ਜਨਤਾ ਨੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ। ਗੁਰਦਾਸਪੁਰ ਦੇ ਲੋਕਾਂ ਨੇ ਸੰਨੀ ਦਿਓਲ ਨੂੰ 84 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਦਾ ਅਸ਼ੀਰਵਾਦ ਦੇ ਕੇ ਲੋਕ ਸਭਾ ਵਿੱਚ ਭੇਜਿਆ। ਲੋਕਾਂ ਨੂੰ ਉਮੀਦ ਸੀ ਕਿ ਵਿਨੋਦ ਖੰਨਾ ਵਾਂਗ ਸੰਨੀ ਦਿਓਲ ਵੀ ਇਲਾਕੇ ਦੇ ਵਿਕਾਸ ਲਈ ਕੁਝ ਵੱਖਰਾ ਕਰਨਗੇ। ਸੰਨੀ ਦਿਓਲ ਨੇ ਚੋਣ ਪ੍ਰਚਾਰ ਦੌਰਾਨ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਵੀ ਕੀਤੇ ਸਨ ਪਰ ਹਲਕੇ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਵਾਅਦਿਆਂ ਨੂੰ ਪੂਰਾ ਕਰਨਾ ਤਾਂ ਦੂਰ ਦੀ ਗੱਲ, ਉਹ ਜਿੱਤ ਤੋਂ ਬਾਅਦ ਗੁਰਦਾਸਪੁਰ ‘ਚ ਵੀ ਨਹੀਂ ਦਿੱਸੇ।
ਜਿਸ ਕਾਰਨ ਲੱਗਦਾ ਹੈ ਕਿ ਸ਼ਾਇਦ ਅਦਾਕਾਰ ਸੰਨੀ ਦਿਓਲ ਨੂੰ ਸਿਆਸਤ ਰਾਸ ਨਹੀਂ ਆਈ। ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦੀ ਇੱਕ ਪਾਸੇ ਇਸ ਗੱਲੋਂ ਅਲੋਚਨਾ ਹੋ ਰਹੀ ਹੈ ਕਿ ਉਹ ਜਿੱਤਣ ਮਗਰੋਂ ਆਪਣੇ ਹਲਕੇ ਵਿੱਚ ਨਹੀਂ ਵੜ੍ਹੇ ਤੇ ਦੂਜੇ ਪਾਸੇ ਉਨ੍ਹਾਂ ਨੇ ਸੰਸਦ ਵਿੱਚ ਹਾਜ਼ਰ ਰਹਿਣ ਤੋਂ ਵੀ ਟਾਲਾ ਵੱਟਿਆ ਹੋਇਆ ਹੈ। ਦੱਸ ਦਈਏ ਕਿ ਸਨੀ ਦਿਓਲ ਦੀ ਪਾਰਲੀਮੈਂਟ ਸੈਸ਼ਨਾਂ ਵਿੱਚ ਪਹਿਲੀ ਜੂਨ 2019 ਤੋਂ ਲੈ ਕੇ ਪਹਿਲੀ ਅਗਸਤ 2023 ਤੱਕ ਸਿਰਫ਼ 19 ਫ਼ੀਸਦੀ ਹਾਜ਼ਰੀ ਰਹੀ ਹੈ ਜਦਕਿ ਹਾਜ਼ਰੀ ਦੀ ਕੌਮੀ ਔਸਤ 79 ਫ਼ੀਸਦੀ ਤੇ ਸੂਬਾਈ ਔਸਤ 73 ਫ਼ੀਸਦੀ ਬਣਦੀ ਹੈ।
ਰਿਪੋਰਟਾਂ ਮੁਤਾਬਿਕ ਸਨੀ ਦਿਓਲ ਨੇ ਸੰਸਦ ਦੇ ਚਾਰ ਸੈਸ਼ਨਾਂ ਵਿੱਚ ਤਾਂ ਪੈਰ ਹੀ ਨਹੀਂ ਧਰਿਆ। ਇਸੇ ਤਰ੍ਹਾਂ ਸਨੀ ਦਿਓਲ ਨੇ ਇਸ ਅਰਸੇ ਦੌਰਾਨ ਸੰਸਦ ਵਿੱਚ ਸਿਰਫ਼ ਇੱਕ ਸਵਾਲ ਲਾਇਆ ਹੈ ਤੇ ਉਨ੍ਹਾਂ ਬਹਿਸ ਦੌਰਾਨ ਕਦੇ ਇੱਕ ਵੀ ਸ਼ਬਦ ਨਹੀਂ ਬੋਲਿਆ। ਇਸ ਦੇ ਨਾਲ ਹੀ ਗੁਰਦਾਸਪੁਰ ਹਲਕੇ ’ਚੋਂ ਉਹ ਕਰੀਬ ਤਿੰਨ ਸਾਲ ਤੋਂ ਗ਼ੈਰ-ਹਾਜ਼ਰ ਦੱਸੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇੰਨੀ ਦਿਨੀ ਸੰਨੀ ਦਿਓਲ ਆਪਣੀ ਫਿਲਮ ਗਦਰ 2 ਦੀ ਰੱਜ ਕੇ ਪ੍ਰਮੋਸ਼ਨ ਕਰ ਰਹੇ ਹਨ। ਇਸ ਵਿਚਾਲੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਉੱਥੇ ਹੀ ਸਨੀ ਦਿਓਲ ਦੇ ਇਸ ਸਿਆਸੀ ਸਫਰ ਬਾਰੇ ਤੁਹਾਡਾ ਕੀ ਕਹਿਣਾ ਹੈ ਉਹ ਵੀ ਕੋਮੈਂਟ ਬੋਕਸ ਵਿੱਚ ਜ਼ਰੂਰ ਲਿਖਣਾ।