ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਪਣੇ ਭਤੀਜੇ ਦੀ ਜਿੱਤ ਉਪਰੰਤ ਸ਼ੁੱਕਰਵਾਰ ਸੁਨੀਲ ਜਾਖੜ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਨੇ ਅਬੋਹਰ ਤੋਂ ਚੋਣ ਜਿੱਤੀ ਹੈ। ਆਪਣੇ ਭਤੀਜੇ ਦੀ ਜਿੱਤ ਦੀ ਖੁਸ਼ੀ ਉਪਰੰਤ ਦਰਬਾਰ ਸ੍ਰੀ ਹਰਮੰਦਿਰ ਸਾਹਿਬ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਇਸ ਵੱਡੀ ਜਿੱਤ ਨਾਲ ਉਨ੍ਹਾਂ ਡੇਰੇ ਦੇ ਨਾਂਅ ‘ਤੇ ਦੁਕਾਨਾਂ ਖੋਲ੍ਹ ਕੇ ਬੈਠੇ ਲੋਕਾਂ ਦੀਆਂ ਦੁਕਾਨਾਂ ਹੁਣ ਬੰਦ ਹੋ ਜਾਣਗੀਆਂ।
ਜਾਖੜ ਨੇ ਗੱਲਬਾਤ ਦੌਰਾਨ ਅਕਾਲੀ ਦਲ ਬਾਦਲ ਦੀ ਹਾਰ ਬਾਰੇ ਹਰਸਿਮਰਤ ਕੌਰ ਬਾਦਲ ਦੇ ਬਿਆਨ ਨੂੰ ਆਧਾਰ ਬਣਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਿਹਾ ਸੀ ਕਿ ਬੇਅਦਬੀ ਕਰਵਾਉਣ ਵਾਲਿਆਂ ਦਾ ਕੱਖ ਨਾ ਰਹੇ ਕਹਿਣ ਵਾਲਿਆਂ ਦੀ ਵੀ ਗੱਲ ਸੱਚ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਇਹ ਹਰ ਇਕ ਵਿਅਕਤੀ ‘ਤੇ ਲਾਗੂ ਹੁੰਦਾ ਹੈ, ਜਿਨ੍ਹਾਂ ਨੇ ਵੀ ਗੁਰੂ ਘਰ ਵਿੱਚ ਆ ਕੇ ਜਾਂ ਕੋਲ ਖੜ ਕੇ ਝੂਠ ਬੋਲਿਆ, ਉਨ੍ਹਾਂ ਨੂੰ ਇਨ੍ਹਾਂ ਚੋਣਾਂ ਵਿੱਚ ਖਮਿਆਜ਼ਾ ਭੁਗਤਣਾ ਪਿਆ ਹੈ।
ਦੱਸ ਦੇਈਏ ਕਿ ਪੰਜਾਬ ਚੋਣਾਂ ‘ਚ ਆਮ ਆਦਮੀ ਪਾਰਟੀ ਨੇ 92 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ ਅਤੇ ਬਾਕੀ ਸੀਟਾਂ ਵਿਚੋਂ ਸਿਰਫ਼ 18 ਕਾਂਗਰਸ, 4 ਅਕਾਲੀ ਦਲ, 2 ਭਾਜਪਾ ਅਤੇ ਇੱਕ ਆਜ਼ਾਦ ਦੇ ਹਿੱਸੇ ਆਈ। ਸੂਬੇ ਵਿੱਚ ‘ਆਪ’ ਦੀ ਸੁਨਾਮੀ ਅਜਿਹੀ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ, ਸੁਖਬੀਰ ਬਾਦਲ ਸਮੇਤ ਕਈ ਦਿੱਗਜ਼ਾਂ ਨੂੰ ਵੀ ਹਰ ਦਾ ਸਾਹਮਣਾ ਕਰਨਾ ਪਿਆ।