ਪੰਜਾਬ ਕਾਂਗਰਸ ‘ਚ ਫਿਰ ਤੋਂ ਕਲੇਸ਼ ਸ਼ੁਰੂ ਹੋ ਗਿਆ ਹੈ। ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੇ ਰਵੱਈਏ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਵੜਿੰਗ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਇੱਕ ਵਿਅਕਤੀ ਲਈ ਪਾਰਟੀ ਕੇਡਰ ਦੀ ਊਰਜਾ ਬਰਬਾਦ ਨਾ ਕਰਨ। ਉਨ੍ਹਾਂ ਦਾ ਇਸ਼ਾਰਾ ਲੁਧਿਆਣਾ ‘ਚ ਫੜੇ ਗਏ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲ ਸੀ। ਜਿਸ ਦੀ ਗ੍ਰਿਫਤਾਰੀ ਖਿਲਾਫ ਕਾਂਗਰਸ ਲੁਧਿਆਣਾ ਵਿਖੇ ਧਰਨਾ ਦੇ ਰਹੀ ਹੈ। ਇਸ ਦੇ ਨਾਲ ਹੀ ਹੁਣ ਪਾਰਟੀ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਜਵਾਬ ਦਿੱਤਾ ਹੈ। ਵੜਿੰਗ ਨੇ ਕਿਹਾ ਕਿ ਬਿਨਾਂ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ। ਇਸ ਨਾਲ ਮੁੱਲ ਘਟਦਾ ਹੈ। ਖਹਿਰਾ ਵੱਲੋਂ ਉਠਾਏ ਸਵਾਲ ‘ਤੇ ਰਾਜਾ ਵੜਿੰਗ ਨੇ ਹੋਰ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਸੁਖਪਾਲ ਖਹਿਰਾ ਨੇ ਕਿਹਾ ਕਿ ਸਾਡੇ ਸਾਹਮਣੇ ਪੰਜਾਬ ‘ਚ ਬੇਅਦਬੀ, ਕਿਸਾਨ ਖੁਦਕੁਸ਼ੀਆਂ, ਲੰਪੀ, ਸੇਮ ਦੀ ਲਪੇਟ ‘ਚ ਆਉਣ ਵਰਗੇ ਕਈ ਵੱਡੇ ਮੁੱਦੇ ਹਨ। ਸਾਨੂੰ ਪਾਰਟੀ ਕਾਡਰ ਦੀ ਤਾਕਤ ਨੂੰ ਕਿਸੇ ਇੱਕ ਵਿਅਕਤੀ ਦੇ ਬਚਾਅ ਲਈ ਨਹੀਂ ਵਰਤਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੈਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਸਾਹਮਣਾ ਕੀਤਾ ਕਿਉਂਕਿ ਮੈਂ ਸੱਚਾ ਸੀ। ਇਸ ਤੋਂ ਬਾਅਦ ਭੁੱਲਥ ਨੇ ਮੈਨੂੰ ਵੋਟ ਪਾ ਕੇ ਵਿਧਾਨ ਸਭਾ ਵਿੱਚ ਭੇਜ ਦਿੱਤਾ। ਜੇਕਰ ਸਾਡੇ ਆਗੂ ਇਮਾਨਦਾਰ ਹਨ ਤਾਂ ਚਿੰਤਾ ਕਿਉਂ?