ਫ਼ਿਰੋਜ਼ਪੁਰ ਦੀ ਅਦਾਲਤ ਨੇ ਨੈਸ਼ਨਲ ਹਾਈਵੇ-54 ਜਾਮ ਕਰਨ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਸਮੇਤ 43 ਸਮਰਥਕਾਂ ਨੂੰ ਬਰੀ ਕਰ ਦਿੱਤਾ ਹੈ। 2017 ਵਿੱਚ ਹਾਈਵੇਅ ਜਾਮ ਕਰਨ ਦੇ ਦੋਸ਼ ਵਿੱਚ ਮੱਖੂ ਥਾਣੇ ਵਿੱਚ ਸਾਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਕੀਲ ਹਰਗੁਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੇਸ ਨਾਲ ਸਬੰਧਿਤ ਛੇ ਅਕਾਲੀ ਸਮਰਥਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ ਜੱਜ ਪਰਵਿੰਦਰ ਕੌਰ ਦੀ ਅਦਾਲਤ ਨੇ ਸੁਖਬੀਰ ਬਾਦਲ, ਬਿਕਰਮ ਮਜੀਠੀਆ ਸਮੇਤ 43 ਅਕਾਲੀ ਸਮਰਥਕਾਂ ਨੂੰ ਬਰੀ ਕਰ ਦਿੱਤਾ।
ਕਾਂਗਰਸ ਸਰਕਾਰ ਵੇਲੇ ਜਦੋਂ ਨਗਰ ਪੰਚਾਇਤ ਮੱਲਾਂਵਾਲਾ ਅਤੇ ਨਗਰ ਪੰਚਾਇਤ ਮੱਖੂ ਦੀਆਂ ਚੋਣਾਂ ਹੋਈਆਂ ਸਨ ਤਾਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ ਸਨ। ਇਸ ਦੇ ਵਿਰੋਧ ‘ਚ ਅਕਾਲੀ ਦਲ ਨੇ ਬੰਗਾਲੀਵਾਲਾ ਪੁਲ ‘ਤੇ ਜਾਮ ਲਗਾ ਕੇ ਤਤਕਾਲੀ ਕਾਂਗਰਸ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਸੀ।