ਆਪਣੇ ਦੋ ਛੋਟੇ ਬੱਚਿਆਂ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਇੱਕ 42 ਸਾਲਾ ਔਰਤ ਨੂੰ ਅੱਜ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਦਰਅਸਲ ਕੁੱਝ ਮਹੀਨੇ ਪਹਿਲਾ ਇੱਕ ਸੂਟਕੇਸ ਵਿੱਚ 5 ਅਤੇ 10 ਸਾਲ ਦੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ। ਔਰਤ ਜੱਜ ਐਂਡਰੀ ਵਿਲਟੈਂਸ ਦੇ ਸਾਹਮਣੇ ਮਾਨੁਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਈ ਹੈ। ਇਸ ਦੌਰਾਨ ਇੱਕ ਕੋਰੀਆਈ ਅਨੁਵਾਦਕ ਦੁਆਰਾ ਸਹਾਇਤਾ ਕੀਤੀ ਗਈ ਸੀ। ਅਗਲੇ ਮਹੀਨੇ ਹੋਣ ਵਾਲੀ ਹਾਈ ਕੋਰਟ ਵਿੱਚ ਉਸਦੀ ਅਗਲੀ ਪੇਸ਼ੀ ਤੋਂ ਪਹਿਲਾਂ – ਉਸਨੂੰ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਆਕਲੈਂਡ ਦੇ ਉਪਨਗਰ ਕਲੇਨਡਨ ਵਿੱਚ 11 ਅਗਸਤ ਨੂੰ ਦੋ ਬੱਚਿਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕੀਤੀ ਸੀ। ਬੱਚਿਆਂ ਦੀਆਂ ਲਾਸ਼ਾਂ ਨੂੰ ਸੂਟਕੇਸ ਦੇ ਅੰਦਰ ਰੱਖਿਆ ਗਿਆ ਸੀ ਜੋ ਕੁਝ ਸਾਲਾਂ ਤੋਂ ਪਾਪਾਟੋਏਟੋਏ ਵਿੱਚ ਇੱਕ ਸੁਰੱਖਿਅਤ ਸਟੋਰ ਯੂਨਿਟ ਦੇ ਅੰਦਰ ਰੱਖੇ ਗਏ ਸਨ। ਇਹ ਮਾਮਲਾ ਓਦੋਂ ਜਦੋਂ ਇੱਕ ਖਰੀਦਦਾਰ ਨੇ ਇੱਕ ਔਨਲਾਈਨ ਨਿਲਾਮੀ ਵਿੱਚ ਸਟੋਰੇਜ ਯੂਨਿਟ ਖਰੀਦੀ ਅਤੇ ਫਿਰ ਆਪਣੇ ਘਰ ‘ਚ ਇਹ ਬੈਗ ਖੋਲ੍ਹੇ। ਦੱਸ ਦੇਈਏ ਖਰੀਦਦਾਰ ਦਾ ਕੇਸ ਨਾਲ ਕੋਈ ਸਬੰਧ ਨਹੀਂ ਹੈ।
ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਸਤੰਬਰ ਵਿੱਚ ਉਸ ਨੂੰ ਨਿਊਜ਼ੀਲੈਂਡ ਤੋਂ ਔਰਤ ਨੂੰ ਗ੍ਰਿਫਤਾਰ ਕਰਨ ਦੀ ਬੇਨਤੀ ਮਿਲੀ ਸੀ – ਜੋ ਮਾਮਲੇ ਦੀ ਮੁੱਖ ਸ਼ੱਕੀ ਹੈ। ਕੋਰੀਆ ਦੇ ਨਿਆਂ ਮੰਤਰਾਲੇ ਦੇ ਤਾਜ਼ਾ ਬਿਆਨ ਮੁਤਾਬਿਕ ਔਰਤ ਜੋ ਬੱਚਿਆਂ ਦੀ ਮਾਂ ਮੰਨੀ ਜਾ ਰਹੀ ਹੈ ਉਸ ਨੂੰ 15 ਸਤੰਬਰ ਨੂੰ ਦੱਖਣੀ ਕੋਰੀਆ ਦੇ ਸ਼ਹਿਰ ਉਲਸਾਨ ਵਿੱਚ ਨਿਊਜ਼ੀਲੈਂਡ ਦੇ ਅਧਿਕਾਰੀਆਂ ਦੁਆਰਾ ਕੀਤੀ ਗਈ ਬੇਨਤੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।