ਪਿਛਲੇ ਲੰਮੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਸੁੱਚਾ ਸਿੰਘ ਛੋਟੇਪੁਰ ਵੀਰਵਾਰ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਸੁਖਬੀਰ ਬਾਦਲ ਦੀ ਮੌਜੂਦਗੀ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ੍ਹਿਆ। ਸੁੱਚਾ ਸਿੰਘ ਛੋਟੇਪੁਰ ਉਸ ਵੇਲੇ ਪੰਜਾਬ ਦੀ ਰਾਜਨੀਤੀ ਵਿੱਚ ਉਭਰੇ ਸੀ, ਜਦੋਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਸੂਬਾ ਪ੍ਰਧਾਨ ਬਣਾਇਆ ਸੀ। ਵਿਧਾਨ ਸਭਾ ਚੋਣਾਂ 2017 ਤੋਂ ਠੀਕ ਪਹਿਲਾਂ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਲਾਹ ਦਿੱਤਾ ਗਿਆ ਸੀ ਤੇ ਉਦੋਂ ਤੋਂ ਉਹ ਸਰਗਰਮ ਰਾਜਨੀਤੀ ਤੋਂ ਦੂਰ ਸਨ ਤੇ ਵੀਰਵਾਰ ਨੂੰ ਆਖਰ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ। ਪਾਰਟੀ ਨੇ ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਥਾਪਿਆ ਹੈ ਤੇ ਬਟਾਲਾ ਤੋਂ ਟਿਕਟ ਵੀ ਦਿੱਤੇ ਜਾਣ ਦੀ ਮਜਬੂਤ ਸੰਭਾਵਨਾ ਹੈ।
ਛੋਟੇ ਪੁਰ ਨੇ ਕਿਹਾ ਕਿ ਮੇਰੀ ਘਰ ਵਾਪਸੀ ‘ਤੇ ਮੈਂ ਬੇਹੱਦ ਖੁਸ਼ ਹਾਂ। ਖੇਤਰੀ ਪਾਰਟੀਆਂ ਹੀ ਪੰਜਾਬ ਦਾ ਭਲਾ ਕਰ ਸਕਦੀਆਂ ਹਨ। ਸਿਰਫ ਅਕਾਲੀ ਦਲ ਹੀ ਸਰਬੱਤ ਦਾ ਭਲਾ ਮੰਗਣ ਵਾਲੀ ਪਾਰਟੀ ਹੈ। ਛੋਟੇ ਪੁਰ ਨੇ ਕਿਹਾ ਕਿ ਪਰਮਾਤਮਾ ਤੋਂ ਡਰ ਕੇ ਪੰਜਾਬੀਆਂ ਦੀ ਸੇਵਾ ਕਰਾਂਗਾ। ਉਨ੍ਹਾਂ ਕਿਹਾ ਕਿ ਆਪ ਦੀ ਕਹਿਣੀ ਤੇ ਕਥਨੀ ਵਿੱਚ ਫਰਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ‘ਆਪ’ ਪਾਰਟੀ ਨੇ ਆਮ ਵਰਕਰ ਦੀ ਕਦਰ ਨਹੀਂ ਕੀਤੀ।