ਜੇਕਰ ਕੋਈ ਸ਼ੇਰ ਜੰਗਲ ਵਿੱਚੋਂ ਮਨੁੱਖੀ ਰਿਹਾਇਸ਼ ਵਾਲੇ ਇਲਾਕੇ ਵਿੱਚ ਪਹੁੰਚ ਜਾਂਦਾ ਹੈ ਤਾਂ ਉਸ ਦੀ ਆਵਾਜ਼ ‘ਤੇ ਵੀ ਹਲਚਲ ਮਚ ਜਾਂਦੀ ਹੈ। ਪਰ, ਕਈ ਵਾਰ ਹਾਲਾਤ ਕੁੱਝ ਹੋਰ ਹੀ ਬਣ ਜਾਂਦੇ ਨੇ। ਜੀ ਹਾਂ, ਉਲਟ ਹਲਾਤਾਂ ਨੂੰ ਬਿਆਨ ਕਰਦਾ ਅਜਿਹਾ ਹੀ ਇੱਕ ਵੀਡੀਓ ਗੁਜਰਾਤ ਦੇ ਗਿਰ-ਸੋਮਨਾਥ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਸ਼ੇਰ ਕੁੱਤਿਆਂ ਤੋਂ ਡਰ ਕੇ ਜੰਗਲ ਵੱਲ ਭੱਜਦਾ ਨਜ਼ਰ ਆ ਰਿਹਾ ਹੈ।
ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਤ ਦੇ ਹਨੇਰੇ ਵਿੱਚ ਇੱਕ ਸ਼ੇਰ ਸ਼ਿਕਾਰ ਦੀ ਭਾਲ ਵਿੱਚ ਪਿੰਡ ਵਿੱਚ ਦਾਖਲ ਹੋਇਆ ਸੀ। ਪਰ ਜਦੋਂ ਕੁੱਤਿਆਂ ਨੂੰ ਸ਼ੇਰ ਦਿਖਿਆ ਤਾਂ ਉਹ ਉਸ ਦੇ ਹੀ ਪਿੱਛੇ ਪੈ ਗਏ। ਕੁਝ ਦੂਰੀ ਤੱਕ ਉਸ ਦੇ ਨਾਲ ਤੁਰਦੇ ਰਹੇ ਅਤੇ ਕੁਝ ਹੀ ਦੇਰ ਵਿੱਚ ਸ਼ੇਰ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਉੱਥੇ ਹੀ ਰਾਤ ਨੂੰ ਕਿਸੇ ਨੇ ਇਸ ਸਾਰੀ ਘਟਨਾ ਨੂੰ ਕੈਮਰੇ ‘ਚ ਕੈਦ ਕਰ ਲਿਆ, ਜਿਸ ਦੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ।
ਵੀਡੀਓ ‘ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਸ਼ਿਕਾਰ ਦੀ ਭਾਲ ‘ਚ ਆਇਆ ਸ਼ੇਰ ਕੁੱਤਿਆਂ ਤੋਂ ਇੰਨਾ ਡਰਿਆ ਹੋਇਆ ਸੀ ਕਿ ਉਹ ਉਨ੍ਹਾਂ ਤੋਂ ਬਚਣ ਲਈ ਭੱਜਿਆ। ਉਸੇ ਸਮੇਂ ਸਾਹਮਣੇ ਗਾਵਾਂ ਦਾ ਝੁੰਡ ਦਿਖਾਈ ਦਿੰਦਾ ਹੈ, ਪਰ ਸ਼ੇਰ ਬਿਨਾਂ ਸ਼ਿਕਾਰ ਕੀਤੇ ਜੰਗਲ ਵੱਲ ਭੱਜ ਜਾਂਦਾ ਹੈ।