ਪੁਲਿਸ ਇਸ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਚੋਰੀ ਹੋਈ ਗੱਡੀ ਨਾਲ ਸਬੰਧਿਤ ਗਵਾਹਾਂ ਦੀ ਭਾਲ ਕਰ ਰਹੀ ਹੈ ਜੋ ਤੇ ਅਵਾਮੁਟੂ ਨਦੀ ਵਿੱਚ ਡਿੱਗੀ ਹੋਈ ਮਿਲੀ ਹੈ। ਡਿਟੈਕਟਿਵ ਇੰਸਪੈਕਟਰ ਡੈਰਿਲ ਸਮਿਥ ਨੇ ਕਿਹਾ ਕਿ ਮੰਗਲਵਾਰ ਸਵੇਰੇ 2.40 ਵਜੇ ਦੇ ਕਰੀਬ, ਲੋਕਾਂ ਦੇ ਇੱਕ ਸਮੂਹ ਵੱਲੋਂ ਓਹਾਉਪੋ ਰੋਡ ‘ਤੇ ਇੱਕ ਸਰਵਿਸ ਸਟੇਸ਼ਨ ਨੂੰ ਕਥਿਤ ਤੌਰ ‘ਤੇ ਲੁੱਟਣ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਸਮਿਥ ਨੇ ਕਿਹਾ ਕਿ ਪਿਛਲੀ ਸ਼ਾਮ ਹੈਮਿਲਟਨ ਵਿੱਚ ਕਥਿਤ ਤੌਰ ‘ਤੇ ਚੋਰੀ ਕੀਤੇ ਗਏ ਦੋ ਵਾਹਨਾਂ ਵਿੱਚ ਲੁਟੇਰਿਆਂ ਨੇ ਭੱਜਣ ਤੋਂ ਪਹਿਲਾਂ ਸਟੋਰ ਤੋਂ ਕਾਫੀ ਸਮਾਨ ਚੋਰੀ ਕੀਤਾ ਸੀ। ਵਾਹਨਾਂ ਵਿੱਚੋਂ ਇੱਕ ਨੀਲੀ ਮਾਜ਼ਦਾ ਡੈਮਿਓ ਨਦੀ ਵਿੱਚ ਡਿੱਗੀ ਮਿਲੀ ਹੈ। ਕਈ ਘੰਟਿਆਂ ਬਾਅਦ ਕਿਸੇ ਵਿਅਕਤੀ ਵੱਲੋਂ ਪੁਲਿਸ ਨੂੰ ਵਾਹਨ ਬਾਰੇ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਾਜ਼ਦਾ ਨੂੰ ਫੋਰੈਂਸਿਕ ਜਾਂਚ ਲਈ ਲਿਜਾਇਆ ਗਿਆ ਸੀ ਅਤੇ ਅੰਦਰੋਂ ਕਈ ਚੋਰੀ ਹੋਈਆਂ ਚੀਜ਼ਾਂ ਮਿਲੀਆਂ ਸਨ। ਪੁਲਿਸ ਵੱਲੋਂ ਇੱਕ ਸਲੇਟੀ ਰੰਗ ਦੀ ਨਿਸਾਨ ਟਾਈਡਾ ਦੀ ਅਜੇ ਵੀ ਭਾਲ ਕੀਤੀ ਜਾ ਰਹੀ ਹੈ।
