ਬੀਤੀ ਰਾਤ ਸ਼ਿਖਰ ਧਵਨ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਵਨਡੇ ਸੀਰੀਜ਼ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਵਨਡੇ ਮੈਚ ‘ਚ ਮੇਜ਼ਬਾਨ ਟੀਮ ਸ਼੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ ਹੈ। ਇਸਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਹਾਸਿਲ ਕਰ ਲਈ ਹੈ। ਕੋਲੰਬੋ ਵਿੱਚ ਖੇਡੇ ਗਏ ਇਸ ਮੈਚ ਵਿੱਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਚਮਿਕਾ ਕਰੁਣਾਰਤਨੇ ਦੀਆ ਅਜੇਤੂ 43 ਅਤੇ ਕਪਤਾਨ ਦਾਸਨ ਸ਼ਨਾਕਾ ਦੀਆ 39 ਦੌੜਾਂ ਦੀ ਬਦੌਲਤ ਸ਼੍ਰੀਲੰਕਾ ਨੇ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 262 ਦੌੜਾਂ ਬਣਾਈਆਂ ਸੀ। ਭਾਰਤ ਨੇ 263 ਦੌੜਾਂ ਦਾ ਟੀਚਾ 36.4 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ।
ਇਸ ਦੇ ਨਾਲ ਹੀ ਧਵਨ ਨੇ ਤੇਜ਼ੀ ਨਾਲ 6000 ਦੌੜਾਂ ਬਣਾਉਣ ਦੇ ਮਾਮਲੇ ਵਿੱਚ ਵੈਸਟਇੰਡੀਜ਼ ਦੇ ਸਰ ਵਿਵੀਅਨ ਰਿਚਰਡਸ ਅਤੇ ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਵੀ ਪਛਾੜ ਦਿੱਤਾ ਹੈ। ਧਵਨ ਨੇ 140 ਪਾਰੀਆਂ ‘ਚ 6000 ਵਨਡੇ ਦੌੜਾਂ ਪੂਰੀਆਂ ਕੀਤੀਆਂ ਹਨ, ਜਦਕਿ ਰਿਚਰਡਸ ਅਤੇ ਰੂਟ ਨੇ ਅਜਿਹਾ ਕਰਨ ਲਈ 141 ਪਾਰੀਆਂ ਲਈਆਂ ਸਨ। ਸਭ ਤੋਂ ਤੇਜ਼ 6 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਹਾਸ਼ਮ ਅਮਲਾ ਦੇ ਨਾਮ ਹੈ। ਅਮਲਾ ਨੇ ਸਿਰਫ 123 ਪਾਰੀਆਂ ਵਿੱਚ ਇਹ ਮੁਕਾਮ ਹਾਸਿਲ ਕਰ ਲਿਆ ਸੀ। ਭਾਰਤ ਦੀ ਰਨ ਮਸ਼ੀਨ ਵਿਰਾਟ ਕੋਹਲੀ (136 ਪਾਰੀਆਂ) ਦੂਜੇ ਨੰਬਰ ‘ਤੇ ਹੈ ਅਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ (139 ਪਾਰੀਆਂ) ਤੀਜੇ ਸਥਾਨ ‘ਤੇ ਹਨ।