ਸੱਤ ਦਹਾਕਿਆਂ ਵਿੱਚ ਆਪਣੇ ਸਭ ਤੋਂ ਭੈੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਵਿੱਚ ਈਂਧਨ ਦੀ ਭਾਰੀ ਕਮੀ ਦੇ ਵਿਚਕਾਰ ਸੈਨਿਕਾਂ ਨੇ ਸੋਮਵਾਰ ਨੂੰ ਪੈਟਰੋਲ ਲਈ ਕਤਾਰ ਵਿੱਚ ਖੜ੍ਹੇ ਲੋਕਾਂ ਨੂੰ ਟੋਕਨ ਦਿੱਤੇ ਹਨ। ਇਸ ਦੇ ਨਾਲ ਹੀ ਕੋਲੰਬੋ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਸਰਕਾਰੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ। ਸਰਕਾਰ ਨੇ ਕਰਮਚਾਰੀਆਂ ਨੂੰ ਅਗਲੇ ਨੋਟਿਸ ਤੱਕ ਘਰ ਤੋਂ ਕੰਮ ਕਰਨ ਲਈ ਕਿਹਾ ਹੈ, ਜਦਕਿ ਵਪਾਰਕ ਰਾਜਧਾਨੀ ਕੋਲੰਬੋ ਅਤੇ ਆਸਪਾਸ ਦੇ ਖੇਤਰਾਂ ਵਿੱਚ ਸਕੂਲ ਇੱਕ ਹਫ਼ਤੇ ਲਈ ਬੰਦ ਕਰ ਦਿੱਤੇ ਗਏ ਹਨ।
ਦੇਸ਼ ਵਿੱਚ ਈਂਧਨ ਦੀ ਭਾਰੀ ਕਮੀ ਦੇ ਮੱਦੇਨਜ਼ਰ, ਸ਼੍ਰੀਲੰਕਾ ਦੀ ਊਰਜਾ ਮੰਤਰੀ ਕੰਚਨਾ ਵਿਜੇਸੇਕੇਰਾ ਨੇ ਐਤਵਾਰ (26 ਜੂਨ) ਨੂੰ ਘੋਸ਼ਣਾ ਕੀਤੀ ਕਿ ਸੀਮਤ ਸਪਲਾਈ ਦੇ ਕਾਰਨ ਦੇਸ਼ ਭਰ ਵਿੱਚ ਈਂਧਨ ਸਟੇਸ਼ਨ ਸੋਮਵਾਰ ਤੋਂ ਗਾਹਕਾਂ ਨੂੰ ਟੋਕਨ ਜਾਰੀ ਕਰਨਾ ਸ਼ੁਰੂ ਕਰ ਦੇਣਗੇ। ਵਿਜੇਸੇਕੇਰਾ ਨੇ ਕੋਲੰਬੋ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਸ਼੍ਰੀਲੰਕਾ ਦੀ ਫੌਜ ਅਤੇ ਪੁਲਿਸ ਨੂੰ ਬੁਲਾਇਆ ਜਾਵੇਗਾ ਅਤੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਭਰਨ ਲਈ ਟੋਕਨ ਨੰਬਰ ਦਿੱਤੇ ਜਾਣਗੇ ਕਿਉਂਕਿ ਸਪਲਾਈ ਸੀਮਤ ਹੈ। ਲੋਕਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਮੋਬਾਈਲ ਫ਼ੋਨ ਨੰਬਰ ਆਪਣੇ ਨਜ਼ਦੀਕੀ ਫਿਲਿੰਗ ਸਟੇਸ਼ਨਾਂ ‘ਤੇ ਰਜਿਸਟਰ ਕਰਾਉਣ ਅਤੇ ਉਨ੍ਹਾਂ ਦੇ ਨੰਬਰ ਜਾਰੀ ਹੋਣ ‘ਤੇ ਸੂਚਿਤ ਕੀਤਾ ਜਾਵੇ।
ਅਜੇ ਇਹ ਸਪੱਸ਼ਟ ਨਹੀਂ ਹੈ ਕਿ ਸਰਕਾਰ ਆਪਣੇ ਈਂਧਨ ਸਟਾਕ ਨੂੰ ਕਿੰਨਾ ਵਧਾ ਸਕਦੀ ਹੈ। ਜਨਤਕ ਟਰਾਂਸਪੋਰਟ, ਬਿਜਲੀ ਉਤਪਾਦਨ ਅਤੇ ਮੈਡੀਕਲ ਸੇਵਾਵਾਂ ਨੂੰ ਈਂਧਨ ਦੀ ਵੰਡ ਵਿੱਚ ਤਰਜੀਹ ਮਿਲੇਗੀ, ਜਦੋਂ ਕਿ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਨੂੰ ਵੀ ਕੁਝ ਬਾਲਣ ਮਿਲੇਗਾ।