ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਦਿਨੋ-ਦਿਨ ਵਿਗੜਦਾ ਜਾ ਰਿਹਾ ਹੈ, ਜਿਸ ਵਿੱਚ ਬੇਰੁਜ਼ਗਾਰਾਂ ਸਮੇਤ ਬਹੁਤ ਸਾਰੇ ਲੋਕ ਦੋ ਵਕਤ ਦੀ ਰੋਟੀ ਪ੍ਰਾਪਤ ਕਰਨ ਲਈ ਸਰਕਾਰ ਵਿਰੁੱਧ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੇ ਹਨ। ਸੈਂਕੜੇ ਲੋਕ, ਜਿਨ੍ਹਾਂ ਵਿੱਚ ਦਿਹਾੜੀਦਾਰ ਮਜ਼ਦੂਰਾਂ ਅਤੇ ਮੌਜੂਦਾ ਸੰਕਟ ਕਾਰਨ ਆਪਣੀਆਂ ਨੌਕਰੀਆਂ ਗਵਾਉਣ ਵਾਲੇ ਲੋਕ ਸ਼ਾਮਿਲ ਹਨ, ਉਹ ਕੋਲੰਬੋ-ਅਧਾਰਤ ਟਰੱਸਟ ਦੁਆਰਾ ਦਿੱਤਾ ਭੋਜਨ ਪ੍ਰਾਪਤ ਕਰਨ ਲਈ ਲਾਈਨ ਵਿੱਚ ਖੜ੍ਹੇ ਹਨ। ਸਮਾਜਿਕ ਕਾਰਕੁਨ ਅਕਸ਼ਾਲਾ ਫਰਨਾਂਡੋ ਨੇ ਦੱਸਿਆ, “ਅਸੀਂ 9 ਅਪ੍ਰੈਲ ਤੋਂ ਭੋਜਨ ਵੰਡਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਚਾਹੁੰਦੇ ਹਾਂ ਕਿ ਰਾਸ਼ਟਰਪਤੀ ਅਸਤੀਫਾ ਦੇਣ, ਕਿਉਂਕਿ ਉਹ ਲੋਕਾਂ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਹਨ ਅਤੇ ਦੇਸ਼ ‘ਤੇ ਰਾਜ ਕਰਨ ਵਿੱਚ ਅਸਫਲ ਰਹੇ ਹਨ।”
ਫਰਨਾਂਡੋ ਨੇ ਕਿਹਾ ਕਿ ਉਨ੍ਹਾਂ ਦਾ ਟਰੱਸਟ ਦੁਨੀਆ ਭਰ ਤੋਂ ਦਾਨ ਪ੍ਰਾਪਤ ਕਰਦਾ ਹੈ, ਜਿਸ ਵਿੱਚ ਪੈਸਾ, ਸਮਾਨ ਅਤੇ ਭੋਜਨ ਸ਼ਾਮਿਲ ਹੈ। “ਹੁਣ ਤੱਕ ਅਸੀਂ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਭੋਜਨ ਵੰਡ ਚੁੱਕੇ ਹਾਂ।” ਸਮਾਜ ਸੇਵੀ ਨੇ ਅੱਗੇ ਕਿਹਾ, “ਕੰਮ ਕਰਨ ਵਾਲੇ ਅਤੇ ਬੇਰੁਜ਼ਗਾਰਾਂ ਸਮੇਤ ਬਹੁਤ ਸਾਰੇ ਲੋਕ ਇੱਥੇ ਆਉਂਦੇ ਹਨ। ਇਸ ਦੇ ਨਾਲ ਹੀ, ਕੁੱਝ ਲੋਕ ਅਜਿਹੇ ਵੀ ਹਨ ਜੋ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨੌਕਰੀਆਂ ਗੁਆਉਣ ਦੀ ਕੋਈ ਪਰਵਾਹ ਨਹੀਂ ਹੈ ਕਿਉਂਕਿ ਉਹ ਆਪਣੀ ਪੀੜ੍ਹੀ ਲਈ ਵਿਰੋਧ ਕਰ ਰਹੇ ਹਨ।”