ਆਰਥਿਕ ਸੰਕਟ ਦੇ ਵਿਚਕਾਰ ਸ਼੍ਰੀਲੰਕਾ ਦੇ ਕਈ ਸ਼ਹਿਰਾਂ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਤ੍ਰਿੰਕੋਮਾਲੀ ਨੇਵਲ ਬੇਸ ਦੇ ਸਾਹਮਣੇ ਵੀ ਅੱਜ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਰਿਪੋਰਟਾਂ ਮੁਤਬਿਕ ਇੱਥੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੁੱਝ ਮੈਂਬਰਾਂ ਨੇ ਸ਼ਰਨ ਲਈ ਹੈ। ਦਰਅਸਲ ਕੋਲੰਬੋ ‘ਚ ਰਾਜਪਕਸ਼ੇ ਦੀ ਸਰਕਾਰੀ ਰਿਹਾਇਸ਼ ‘ਟੈਂਪਲ ਟ੍ਰੀਜ਼’ ਦੇ ਬਾਹਰ ਭਾਰੀ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ। ਇੱਥੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।
ਵਿਰੋਧ ਪ੍ਰਦਰਸ਼ਨਾਂ ਦੌਰਾਨ, ਰਾਸ਼ਟਰਪਤੀ ਅਤੇ ਮਹਿੰਦਾ ਰਾਜਪਕਸ਼ੇ ਦੇ ਭਰਾ ਗੋਟਾਬਾਯਾ ਰਾਜਪਕਸ਼ੇ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਟਵੀਟ ਕੀਤਾ, “ਮੈਂ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਹਿੰਸਾ ਨੂੰ ਰੋਕਣ ਦੀ ਅਪੀਲ ਕਰਦਾ ਹਾਂ, ਨਾਗਰਿਕਾਂ ਦੇ ਖਿਲਾਫ ਜਵਾਬੀ ਕਾਰਵਾਈ ਨਾ ਕੀਤੀ ਜਾਵੇ, ਚਾਹੇ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਹੋਣ। ਰਾਜਨੀਤਿਕ ਸਥਿਰਤਾ ਬਹਾਲ ਕਰਨ ਅਤੇ ਆਰਥਿਕ ਸੰਕਟ ਨੂੰ ਸਹਿਮਤੀ ਦੁਆਰਾ ਹੱਲ ਕਰਨ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ”ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਸ਼ੁੱਕਰਵਾਰ ਅੱਧੀ ਰਾਤ ਤੋਂ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ।
ਸ਼੍ਰੀਲੰਕਾ ‘ਚ ਸੋਮਵਾਰ ਨੂੰ ਰਾਜਪਕਸ਼ੇ ਦੇ ਸਮਰਥਕਾਂ ਵਲੋਂ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ‘ਤੇ ਹਮਲਾ ਕਰਨ ਤੋਂ ਬਾਅਦ ਹਿੰਸਾ ਭੜਕ ਗਈ ਸੀ। ਕੋਲੰਬੋ ਅਤੇ ਹੋਰ ਸ਼ਹਿਰਾਂ ‘ਚ ਹਿੰਸਾ ‘ਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਵੱਧ ਜ਼ਖਮੀ ਹੋਏ ਹਨ। ਮਹਿੰਦਾ ਰਾਜਪਕਸ਼ੇ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।