ਉੱਤਰਾਖੰਡ ਸਥਿਤ ਸਿੱਖਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਪਾਟ ਇਸ ਵਾਰ 20 ਮਈ ਤੋਂ ਸ਼ਰਧਾਲੂਆਂ ਦੇ ਲਈ ਖੁੱਲਣ ਜਾ ਰਹੇ ਹਨ। ਇਸ ਯਾਤਰਾ ਦੀ ਸ਼ੁਰੂਆਤ ਬੀਤੇ ਦਿਨ ਰਿਸ਼ੀਕੇਸ਼ ਤੋਂ ਹੋਈ ਸੀ। ਦੱਸ ਦਈਏ ਕਿ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ ’ਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਨੂੰ ਜੱਥਾ ਗੋਬਿੰਦਘਾਟ ਤੋਂ ਅਗਲੇ ਪੜਾਅ ਵੱਲ ਨੂੰ ਚਾਲੇ ਪਾਏਗਾ। ਪਰ ਇੱਕ ਅਹਿਮ ਗੱਲ ਇਹ ਹੈ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਪੈਦਲ ਰਸਤੇ ਅਤੇ ਧਾਮ ‘ਚ ਬਰਫ ਦੀ ਸਥਿਤੀ ਨੂੰ ਦੇਖਦਿਆਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਫਿਲਹਾਲ ਯਾਤਰਾ ‘ਚ ਸ਼ਾਮਿਲ ਨਾ ਹੋਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੁਨੀਆ ਵਿਚ ਸਭ ਤੋਂ ਉੱਚੇ ਸਥਾਨ ’ਤੇ ਸਥਿਤ ਹੈ। ਪਹਾੜੀਆਂ ਦੇ ਵਿੱਚ ਸਥਿੱਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਅਕਤੂਬਰ ਮਹੀਨੇ ਤੋਂ ਲੈ ਕੇ ਮਾਰਚ ਮਹੀਨੇ ਤੱਕ ਬਰਫ਼ਾਂ ਨਾਲ ਢਕਿਆ ਰਹਿੰਦਾ ਹੈ। ਇਸ ਮਗਰੋਂ ਅਪਰੈਲ ਮਹੀਨੇ ਤੋਂ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਰਸਤਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ।