ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿੱਚ ਅਹਿਮ ਫੈਸਲਾ ਲੈਂਦਿਆਂ ਡੇਸਟੀਨੇਸ਼ਨ ਮੈਰਿਜ ‘ਤੇ ਆਨੰਦ ਕਾਰਜ (ਵਿਆਹ) ਕਰਨ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਫੈਸਲੇ ‘ਚ ਕਿਹਾ ਗਿਆ ਹੈ ਕਿ ਇਹ ਸਿੱਖ ਮਰਿਆਦਾ ਦੇ ਖਿਲਾਫ ਹੈ। ਹੁਣ ਕੋਈ ਵੀ ਵਿਅਕਤੀ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਵਿਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾ ਕੇ ਕਿਸੇ ਬੀਚ ਜਾਂ ਕਿਸੇ ਹੋਰ ਵਿਆਹ ਵਾਲੀ ਥਾਂ ‘ਤੇ ਅਨੰਦ ਕਾਰਜ ਨਹੀਂ ਕਰਵਾ ਸਕੇਗਾ। ਦੱਸ ਦੇਈਏ ਕਿ ਮੈਰਿਜ ਪੈਲੇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਣ ਅਤੇ ਉੱਥੇ ਆਨੰਦ ਕਾਰਜ ਕਰਵਾਉਣ ’ਤੇ ਪਹਿਲਾਂ ਹੀ ਪਾਬੰਦੀ ਹੈ।
ਇਸ ਸਬੰਧੀ ਵੱਖ-ਵੱਖ ਸ਼ਿਕਾਇਤਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਵਿੱਚ ਕਈ ਸੰਪਰਦਾਇਕ ਮੁੱਦਿਆਂ ਤੋਂ ਇਲਾਵਾ ਵਿਵਾਦਤ ਮਾਮਲਿਆਂ ‘ਤੇ ਵੀ ਅਹਿਮ ਫੈਸਲੇ ਲਏ ਗਏ। ਜਿਸ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ, ਕੈਨਾਲ ਕਲੋਨੀ, ਮੁਲਤਾਨੀਆਂ ਰੋਡ, ਬਠਿੰਡਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੋ ਲੜਕੀਆਂ ਦਾ ਸਮਲਿੰਗੀ ਵਿਆਹ ਸ਼ਾਮਿਲ ਹੈ। ਇਸ ਮਾਮਲੇ ‘ਚ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ‘ਤੇ ਸਦਾ ਲਈ ਪਬੰਦੀ ਲਗਾਈ ਗਈ ਹੈ। ਇਹ ਕਮੇਟੀ ਹੁਣ ਕਦੇ ਵੀ ਕਿਸੇ ਗੁਰੂਘਰ ਦੇ ਪ੍ਰਬੰਧ ਨਹੀਂ ਚਲਾ ਸਕੇਗੀ। ਉੱਥੇ ਹੀ ਮੁੱਖ ਗ੍ਰੰਥੀ ਸਿੰਘ, ਗ੍ਰੰਥੀ ਸਿੰਘ, ਰਾਗੀ ਸਿੰਘ ਅਤੇ ਤਬਲਾ ਵਾਦਕ ‘ਤੇ ਵੀ ਸਿੰਘ ਸਹਿਬਾਨਾਂ ਦੇ ਵੱਲੋਂ ਸਖ਼ਤ ਐਕਸ਼ਨ ਲਿਆ ਗਿਆ ਹੈ। ਸਿੰਘ ਸਹਿਬਾਨਾਂ ਨੇ ਸਭ ਨੂੰ 5 ਸਾਲ ਦੇ ਲਈ ਬਲੈਕ ਲਿਸਟ ਕੀਤਾ ਗਿਆ ਹੈ।