ਬੰਗਲਾਦੇਸ਼ ਕ੍ਰਿਕੇਟ ਟੀਮ ਨੇ ਖੇਡ ਭਾਵਨਾ ਦੀ ਇੱਕ ਸ਼ਾਨਦਾਰ ਉਦਾਹਰਣ ਪੇਸ਼ ਕੀਤੀ ਹੈ। ਨਿਊਜ਼ੀਲੈਂਡ ਖਿਲਾਫ ਖੇਡੇ ਜਾ ਰਹੇ ਦੂਜੇ ਵਨਡੇ ਮੈਚ ‘ਚ ਬੰਗਲਾਦੇਸ਼ੀ ਕਪਤਾਨ ਲਿਟਨ ਦਾਸ ਨੇ ਨਿਊਜ਼ੀਲੈਂਡ ਦੇ ਈਸ਼ ਸੋਢੀ ਖਿਲਾਫ ਮਾਕਡਿੰਗ (Mankading ) ਦੀ ਅਪੀਲ ਨੂੰ ਵਾਪਿਸ ਲੈ ਲਿਆ ਅਤੇ ਅੰਪਾਇਰ ਨੂੰ ਇਕ ਵਾਰ ਫਿਰ ਮੈਦਾਨ ‘ਤੇ ਬੁਲਾਉਣ ਦੀ ਬੇਨਤੀ ਕੀਤੀ। ਇਹ ਪੂਰੀ ਘਟਨਾ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਦੂਜੇ ਵਨਡੇ ਦੌਰਾਨ ਵਾਪਰੀ।
ਮੈਚ ‘ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਘਟਨਾ ਪਹਿਲੀ ਪਾਰੀ ਦੇ 46ਵੇਂ ਓਵਰ ਵਿੱਚ ਵਾਪਰੀ। ਬੰਗਲਾਦੇਸ਼ ਲਈ ਓਵਰ ਗੇਂਦਬਾਜ਼ੀ ਕਰ ਰਹੇ ਹਸਨ ਮਹਿਮੂਦ ਨੇ ਨਿਊਜ਼ੀਲੈਂਡ ਦੇ ਈਸ਼ ਸੋਢੀ, ਜੋ ਕਿ ਨਾਨ-ਸਟ੍ਰਾਈਕਰ ਐਂਡ ‘ਤੇ ਸਨ, ਨੂੰ ਕ੍ਰੀਜ਼ ਤੋਂ ਬਾਹਰ ਆਉਂਦੇ ਦੇਖਿਆ ਅਤੇ ਮਾਕਡਿੰਗ ਰਾਹੀਂ ਆਊਟ ਕਰ ਦਿੱਤਾ, ਜਿਸ ਨੂੰ ਤੀਜੇ ਅੰਪਾਇਰ ਨੇ ਆਊਟ ਐਲਾਨ ਦਿੱਤਾ।
ਇਸ ਤੋਂ ਬਾਅਦ ਬੰਗਲਾਦੇਸ਼ੀ ਕਪਤਾਨ ਲਿਟਨ ਦਾਸ ਨੇ ਫੀਲਡ ਅੰਪਾਇਰ ਇਰਾਸਮਸ ਨੂੰ ਬੇਨਤੀ ਕੀਤੀ ਕਿ ਉਹ ਈਸ਼ ਸੋਢੀ ਨੂੰ ਕ੍ਰੀਜ਼ ‘ਤੇ ਵਾਪਸ ਬੁਲਾਉਣ ਕਿਉਂਕਿ ਉਹ ਇਸ ਤਰ੍ਹਾਂ ਵਿਕਟ ਨਹੀਂ ਲੈਣਾ ਚਾਹੁੰਦੇ ਸਨ। ਬੰਗਲਾਦੇਸ਼ੀ ਕਪਤਾਨ ਦੇ ਇਸ ਫੈਸਲੇ ਤੋਂ ਗੇਂਦਬਾਜ਼ ਹਸਨ ਮਹਿਮੂਦ ਵੀ ਖੁਸ਼ ਨਜ਼ਰ ਆਏ। ਫਿਰ ਅੰਪਾਇਰ ਨੇ ਸੋਢੀ ਨੂੰ ਵਾਪਸ ਬੁਲਾਇਆ। ਕੀਵੀ ਖਿਡਾਰੀ ਸੋਢੀ ਵੀ ਬੰਗਲਾਦੇਸ਼ ਵੱਲੋਂ ਦਿਖਾਈ ਗਈ ਖੇਡ ਭਾਵਨਾ ਤੋਂ ਕਾਫੀ ਖੁਸ਼ ਨਜ਼ਰ ਆਏ। ਸੋਢੀ ਨੇ ਹਸਨ ਨੂੰ ਜੱਫੀ ਵੀ ਪਾਈ, ਜੋ ਕਿ ਬਹੁਤ ਖਾਸ ਪਲ ਸੀ। ਬੰਗਲਾਦੇਸ਼ ਟੀਮ ਦੇ ਇਸ ਫੈਸਲੇ ਤੋਂ ਦਰਸ਼ਕਾਂ ਵੀ ਖੁਸ਼ ਨਜ਼ਰ ਆ ਰਿਹਾ ਸੀ।