ਆਕਲੈਂਡ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਆਕਲੈਂਡ ‘ਚ ਕਈ ਸਪੀਡ ਕੈਮਰਿਆਂ ਦਾ ਨੁਕਸਾਨ ਕੀਤਾ ਗਿਆ ਹੈ। ਫਿਲਹਾਲ ਹੁਣ ਪੁਲਿਸ ਆਮ ਲੋਕਾਂ ਨੂੰ ਮਦਦ ਦੀ ਅਪੀਲ ਕਰ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇੱਕ ਕੈਮਰੇ ਨੂੰ ਤਾਂ “ਬੰਦੂਕ ਨਾਲ ਗੋਲੀ ਮਾਰੀ ਗਈ ਜਾਪਦੀ ਹੈ।” ਇੱਕ ਬੁਲਾਰੇ ਨੇ ਕਿਹਾ ਕਿ “ਕਾਉਂਟੀਜ਼ ਮੈਨੂਕਾਉ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਸੁਰੱਖਿਅਤ ਸਪੀਡ ਕੈਮਰਿਆਂ ਦੇ ਵਿਰੁੱਧ ਜਾਣਬੁੱਝ ਕੇ ਨੁਕਸਾਨ ਦੀਆਂ ਹਾਲੀਆ ਘਟਨਾਵਾਂ ਹੋਈਆਂ ਹਨ। ਵਾਈਯੂਕੂ ਵਿੱਚ ਕੈਮਰੇ ਨੂੰ ਖਾਸ ਤੌਰ ‘ਤੇ ਨਿਸ਼ਾਨਾ ਬਣਾਇਆ ਜਾਪਦਾ ਹੈ।
ਇੰਸਪੈਕਟਰ ਜੋਅ ਹੰਟਰ ਨੇ ਕਿਹਾ ਇਹ ਕੈਮਰੇ ਜਿੰਨੀ ਉਚਾਈ ‘ਤੇ ਲਗਾਏ ਗਏ ਹਨ ਉਸ ਹਿਸਾਬ ਨਾਲ ਲੱਗਦਾ ਹੈ ਕਿ ਕਿਸੇ ਨੇ ਜਾਣਬੁੱਝ ਕੇ ਇੰਨ੍ਹਾਂ ਕੈਮਰਿਆਂ ਦੀ ਭੰਨਤੋੜ ਕੀਤੀ ਹੈ। ਉਨ੍ਹਾਂ ਕਿਹਾ ਕਿ 1 ਕੈਮਰੇ ਨੂੰ ਤਾਂ ਗੋਲੀ ਮਾਰੀ ਗਈ ਜਾਪਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਅੱਗੇ ਕਿਹਾ ਕਿ, “ਅਸੀਂ ਲੋਕਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਸਪੀਡ ਕੈਮਰੇ ਉਹਨਾਂ ਸੜਕਾਂ ‘ਤੇ ਮੌਤਾਂ ਅਤੇ ਸੱਟਾਂ ਨੂੰ ਘਟਾਉਣ ਲਈ ਪ੍ਰਭਾਵਸ਼ਾਲੀ ਸਾਬਿਤ ਹੋਏ ਹਨ ਜਿੱਥੇ ਉਹ ਲਗਾਏ ਗਏ ਹਨ। ਇਨ੍ਹਾਂ ਕੈਮਰਿਆਂ ਦਾ ਨੁਕਸਾਨ ਤੁਹਾਡੇ ਅਜ਼ੀਜ਼ਾਂ ਦੇ ਸੁਰੱਖਿਅਤ ਢੰਗ ਨਾਲ ਘਰ ਨਾ ਪਹੁੰਚਣ ਦੀ ਸੰਭਾਵਨਾ ਨੂੰ ਵਧਾਉਂਦਾ ਹੈ।” ਕਿਸੇ ਵੀ ਵਿਅਕਤੀ ਨੂੰ ਸੂਚਨਾ ਦੇਣ ਲਈ 105 ‘ਤੇ ਪੁਲਿਸ ਨੂੰ ਕਾਲ ਕਰਨ ਜਾਂ ਆਨਲਾਈਨ ਫਾਰਮ ਭਰਨ ਲਈ ਕਿਹਾ ਗਿਆ ਹੈ।