ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੀ ਸਪੀਕਰ ਨੈਨਸੀ ਪੇਲੋਸੀ ਦੇ ਕੈਲੀਫੋਰਨੀਆ ਸਥਿਤ ਘਰ ‘ਤੇ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਉਨ੍ਹਾਂ ਦੀ ਰਿਹਾਇਸ਼ ‘ਤੇ ਹਮਲਾ ਕੀਤਾ ਹੈ, ਜਿਸ ‘ਚ ਉਨ੍ਹਾਂ ਦਾ ਪਤੀ ਪਾਲ ਪੇਲੋਸੀ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਵਿਅਕਤੀ ਨੇ ਉਨ੍ਹਾਂ ਦੇ ਘਰ ‘ਚ ਦਾਖਲ ਹੋ ਕੇ ਉਨ੍ਹਾਂ ਦੇ ਪਤੀ ਨਾਲ ਕੁੱਟਮਾਰ ਕੀਤੀ ਹੈ। ਘਟਨਾ ‘ਚ ਨੈਨਸੀ ਪੇਲੋਸੀ ਦੇ ਪਤੀ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਨੈਨਸੀ ਪੇਲੋਸੀ ਦੇ ਬੁਲਾਰੇ, ਡਰਿਊ ਹੈਮਿਲ ਨੇ ਕਿਹਾ ਕਿ ਇੱਕ ਹਮਲਾਵਰ ਉਨ੍ਹਾਂ ਦੇ ਸੈਨ ਫਰਾਂਸਿਸਕੋ ਦੇ ਘਰ ਵਿੱਚ ਦਾਖਲ ਹੋਇਆ ਅਤੇ ਪਾਲ ਪੇਲੋਸੀ ‘ਤੇ “ਹਿੰਸਕ ਹਮਲਾ” ਕੀਤਾ। ਘਟਨਾ ਦੇ ਸਮੇਂ ਨੈਨਸੀ ਪੇਲੋਸੀ ਘਰ ‘ਚ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਪਾਲ ਪੇਲੋਸੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ ਅਤੇ ਉਨ੍ਹਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਹੈ। ਪੇਲੋਸੀ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਲਾਵਰ ਹਿਰਾਸਤ ਵਿੱਚ ਹੈ ਅਤੇ ਹਮਲੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਦੂਜੇ ਸਥਾਨ ‘ਤੇ ਰਹੀ ਨੈਨਸੀ ਪੇਲੋਸੀ ਹਮਲੇ ਦੇ ਸਮੇਂ ਘਰ ‘ਚ ਨਹੀਂ ਸੀ। ਹਾਲਾਂਕਿ ਹਮਲਾ ਕਿਉਂ ਹੋਇਆ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਹਮਲਾਵਰ ਘਰ ਵਿੱਚ ਕਿਵੇਂ ਦਾਖਲ ਹੋਇਆ।