ਪੰਜਾਬ ਦੇ ਗ੍ਰਹਿ ਵਿਭਾਗ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਹੋਈ ਸੁਰੱਖਿਆ ਕੁਤਾਹੀ ਦੇ ਸਬੰਧ ਵਿੱਚ ਵੱਡੀ ਕਾਰਵਾਈ ਕੀਤੀ ਹੈ। ਦਰਅਸਲ ਤਤਕਾਲੀ ਐਸਪੀ ਅਪਰੇਸ਼ਨ ਗੁਰਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਂਚ ਵਿਚ ਉਨ੍ਹਾਂ ਨੂੰ ਦੋਸ਼ੀ ਪਾਇਆ ਗਿਆ ਹੈ। ਇਹ ਫੈਸਲਾ ਡੀਜੀਪੀ ਪੰਜਾਬ ਵੱਲੋਂ ਦਿੱਤੀ ਗਈ ਰਿਪੋਰਟ ਤੋਂ ਬਾਅਦ ਲਿਆ ਗਿਆ ਹੈ।
ਐਸਪੀ ਖ਼ਿਲਾਫ਼ ਇਹ ਕਾਰਵਾਈ ਗ੍ਰਹਿ ਵਿਭਾਗ ਦੇ ਸਚਿਨ ਗੁਰੂ ਕ੍ਰਿਪਾਲ ਸਿੰਘ ਦੇ ਹੁਕਮਾਂ ’ਤੇ ਕੀਤੀ ਗਈ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਡੀਜੀਪੀ ਪੰਜਾਬ ਦੇ ਦਫ਼ਤਰ ਵਿੱਚ ਰਿਪੋਰਟ ਕਰਨੀ ਪਵੇਗੀ। ਇਸ ਵੇਲੇ ਉਹ ਐਸਪੀ ਬਠਿੰਡਾ ਵਜੋਂ ਤਾਇਨਾਤ ਹਨ। ਉਨ੍ਹਾਂ ਦੀ ਮੁਅੱਤਲੀ ਦਾ ਸਮਾਂ ਡੀਜੀਪੀ ਦਫ਼ਤਰ, ਪੰਜਾਬ ਵਿੱਚ ਬਿਤਾਇਆ ਜਾਵੇਗਾ। ਉਹ ਬਿਨਾਂ ਇਜਾਜ਼ਤ ਦਫ਼ਤਰ ਤੋਂ ਬਾਹਰ ਨਹੀਂ ਜਾਣਗੇ। ਬਠਿੰਡਾ ਤੋਂ ਰਵਾਨਾ ਹੋ ਕੇ ਉਨ੍ਹਾਂ ਨੂੰ ਤੁਰੰਤ ਡੀਜੀਪੀ ਦਫ਼ਤਰ ਪਹੁੰਚਣਾ ਪਵੇਗਾ।