ਸਾਊਥਵੈਸਟ ਏਅਰਲਾਈਨਜ਼ ਦੇ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਪੰਛੀ ਜਹਾਜ਼ ਦੇ ਇੰਜਣ ਨਾਲ ਟਕਰਾ ਗਿਆ। ਇਸ ਮਗਰੋਂ ਕਾਹਲੀ ਵਿੱਚ ਜਹਾਜ਼ ਦੀ ਕਿਊਬਾ ਦੇ ਜੋਸ ਮਾਰਟੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪੰਛੀ ਦੇ ਟਕਰਾਉਣ ਕਾਰਨ ਜਹਾਜ਼ ਦੇ ਇੰਜਣ ਅਤੇ ਨੱਕ ਨੂੰ ਵੀ ਅੱਗ ਲੱਗ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਿਕ ਫਲਾਈਟ 3923 ਨੇ ਕਿਊਬਾ ਦੇ ਹਵਾਨਾ ਏਅਰਪੋਰਟ ਤੋਂ ਫਲੋਰੀਡਾ ਲਈ ਉਡਾਣ ਭਰੀ ਸੀ। ਉਡਾਣ ਭਰਨ ਤੋਂ ਤੁਰੰਤ ਬਾਅਦ ਪੰਛੀ ਜਹਾਜ਼ ਦੇ ਇੰਜਣ ਅਤੇ ਨੱਕ ਨਾਲ ਟਕਰਾ ਗਿਆ। ਕੁਝ ਹੀ ਦੇਰ ‘ਚ ਜਹਾਜ਼ ਦੇ ਕੈਬਿਨ ‘ਚ ਧੂੰਆਂ ਫੈਲ ਗਿਆ। ਜਹਾਜ਼ ਵਿੱਚ ਸਵਾਰ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਸਾਰੇ ਆਕਸੀਜਨ ਮਾਸਕ ਪਾਉਣ ਲੱਗੇ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਨੂੰ ਜਹਾਜ਼ ਵਿੱਚ ਬੈਠੇ ਇੱਕ ਯਾਤਰੀ ਨੇ ਆਪਣੇ ਮੋਬਾਈਲ ਫੋਨ ਤੋਂ ਰਿਕਾਰਡ ਕੀਤਾ ਹੈ।
ਕਿਊਬਾ ਦੇ ਸਭ ਤੋਂ ਵੱਡੇ ਜੋਸ ਮਾਰਟੀ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਜਹਾਜ਼ ‘ਚ ਸਵਾਰ ਯਾਤਰੀਆਂ ਨੂੰ ਐਮਰਜੈਂਸੀ ਸਲਾਈਡ ਰਾਹੀਂ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀ ਟੀਮ ਜਹਾਜ਼ ‘ਚ ਲੱਗੀ ਅੱਗ ਨੂੰ ਬੁਝਾਉਣ ‘ਚ ਲੱਗੀ ਦਿਖਾਈ ਦਿੱਤੀ। ਹਾਦਸੇ ਤੋਂ ਬਾਅਦ ਜਹਾਜ਼ ਦੇ ਅੰਦਰ ਦੀਆਂ ਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ। ਯਾਤਰੀਆਂ ਨੂੰ ਕੱਢਣ ਲਈ ਐਮਰਜੈਂਸੀ ਲਾਈਟਾਂ ਜਗਾਈਆਂ ਗਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਹਾਦਸੇ ਵਿੱਚ ਕਿਸੇ ਯਾਤਰੀ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਉਤਾਰ ਲਿਆ ਗਿਆ ਹੈ। ਜਹਾਜ਼ ‘ਚ ਕਿੰਨੇ ਯਾਤਰੀ ਸਵਾਰ ਸਨ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।